ਆਪ ਨਜ਼ਰਾਂ ਨਾਲ ਪਹਿਲਾਂ

ਆਪ ਨਜ਼ਰਾਂ ਨਾਲ ਪਹਿਲਾਂ ਦੇ ਗਿਆ ਆਵਾਜ਼ ਉਹ

ਫਿਰ ਸਦਾ ਕਰਦਾ ਰਿਹਾ ਮੈਨੂੰ ਨਜ਼ਰ ਅੰਦਾਜ਼ ਉਹ

ਲੱਗਿਆ ਮੈਨੂੰ ਬੁਲਾਉਂਦੀ ਹੈ ਉਹ ਕੋਇਲ ਕੂਕਦੀ

ਕੋਲ ਉਸਦੇ ਪੰਹੁਚਿਆ ਤਾਂ ਭਰ ਗਈ ਪਰਵਾਜ਼ ਉਹ

ਮੈਂ ਲਿਆਂਦਾ ਮੋਹ—ਵਫ਼ਾ ਦਾ ਖ਼ੂਬਸੂਰਤ ਗੀਤ ਪਰ

ਆਪਣੇ ਵਾਅਦੇ ਮੁਤਾਬਿਕ ਨਾ ਲਿਆਇਆ ਸਾਜ਼ ਉਹ

ਦੇਰ ਤੱਕ ਮੇਰੀ ਸ਼ਿਕਾਇਤ ਦੂਰ ਉਹ ਕਰਦਾ ਰਿਹਾ

ਮੰਨ ਆਖ਼ਿਰ ਮੈਂ ਗਿਆ ਤਾਂ ਹੋ ਗਿਆ ਨਾਰਾਜ਼ ਉਹ

ਰੰਜ ਉਸਦੀ ਬੇਵਫ਼ਾਈ ’ਤੇ ਨਹੀਂ ਬਿਲਕੁਲ ਨਹੀਂ

ਹੈ ਗਿਲਾ ਕਿ ਗ਼ੈਰ ’ਤੇ ਕਰਦਾ ਪਿਆ ਹੈ ਨਾਜ਼ ਉਹ

ਦੁਸ਼ਮਣਾਂ ਦੀ ਕਾਮਯਾਬੀ ਹੋ ਗਈ ਨਿਸ਼ਚਿਤ ਬੜੀ

ਨਾਲ ਹੁਣ ਰੱਖਦੇ ਨੇ ਮੇਰਾ ਸਾਬਕਾ ਹਮਰਾਜ਼ ਉਹ

ਮੌਤ ਮੇਰੀ ’ਤੇ ਮਨਾਉਣ ਸੋਗ ਤਾਂ ਗੱਲ ਦੂਰ ਦੀ

ਅੰਤ ਮੇਰੇ ’ਚੋਂ ਸਗੋਂ ਹੈ ਭਾਲਦਾ ਆਗ਼ਾਜ਼ ਉਹ

📝 ਸੋਧ ਲਈ ਭੇਜੋ