ਆਪਣੇ ’ਚੋਂ ਆਪ ਮਨਫ਼ੀ ਹੋ ਗਿਆ ਹੈ
ਇਸ ਕਦਰ ਬੰਦਾ ਹਿਸਾਬੀ ਹੋ ਗਿਆ ਹੈ
ਹਰ ਬਸ਼ਰ ਤ੍ਰਿਸ਼ੂਲ ਬਰਛੀ ਹੋ ਗਿਆ ਹੈ
ਭੀੜ ਦੀ ਪੂਰੀ ਸਮੱਗਰੀ ਹੋ ਗਿਆ ਹੈ
ਅੱਤਵਾਦੀ ਦੇ ਸਣੇ ਬਾਰਾਂ ਮਰੇ ਨੇ
ਆਦਮੀ ਹੁਣ ਮਹਿਜ਼ ਗਿਣਤੀ ਹੋ ਗਿਆ ਹੈ
ਮਾਣ ਹੈ ਜਿਸਦੀ ਸ਼ਹੀਦੀ ’ਤੇ ਮੁਲਕ ਨੂੰ
ਉਹ ਕਿਸੇ ਵਿਧਵਾ ਦੀ ਅਰਜ਼ੀ ਹੋ ਗਿਆ ਹੈ
ਪੌਣ ਭਟਕੀ ਨਾ ਫਿਰੇ ਤਾਂ ਕੀ ਕਰੇ ਜਦ
ਨਗਰ ਦਾ ਹਰ ਬਿਰਖ ਕੁਰਸੀ ਹੋ ਗਿਆ ਹੈ
ਅੱਗ ਦਾ ਦਰਿਆ ਨਿਰਾ ਜੇ ਇਸ਼ਕ ਹੈ ਤਾਂ
ਹੌਸਲਾ ਮੇਰਾ ਵੀ ਕਿਸ਼ਤੀ ਹੋ ਗਿਆ ਹੈ
ਤੁਰ ਗਿਆ ਸੂਰਜ ਬੁਝਾ ਕੇ ਪਿਆਸ ਅਪਣੀ
ਪਰ ਨਦੀ ਦਾ ਨੀਰ ਅਗਨੀ ਹੋ ਗਿਆ ਹੈ
ਪਿਆਰ ਉਸਨੇ ਪਾਉਂਦਿਆਂ ਨਾ ਦੇਰ ਕੀਤੀ
ਬੇਵਫ਼ਾ ਵੀ ਬਹੁਤ ਜਲਦੀ ਹੋ ਗਿਆ ਹੈ
ਆਪਣੀ ਹੀ ਭਾਲ ਵਿਚ ਸੀ ਨਿਕਲਿਆ ਜੋ
“ਗੁੰਮਸ਼ੁਦਾ ਦੀ ਭਾਲ” ਸੁਰਖ਼ੀ ਹੋ ਗਿਆ ਹੈ
ਉਮਰ ਸਾਰੀ ਭੋਗਿਆ ਹੈ ਨਰਕ ਉਸਨੇ
ਮਰਨ ਦੇ ਮਗਰੋਂ ਸਵਰਗੀ ਹੋ ਗਿਆ ਹੈ