ਆਪਣੇ ਨਾਲ਼ ਇੱਕ ਗੱਲ

ਆਪਣੇ ਨਾਲ਼ ਇੱਕ ਗੱਲ ਕਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਜਿਉਂਦੀ ਜਾਨੇ ਜੀਣ ਮਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਮੈਂ ਇਸ ''ਮੈਂ'' ਦੇ ਮੇਲੇ ਅੰਦਰ ਆਪ ਗਵਾਚੀ ਹੋਈ,

ਤਾਹੀਓਂ ਮੈਂ ਤੋਂ ਜ਼ਰਾ ਡਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਨਾ ਦਿਸੇ ਤੇ ਉਹਦੀਆਂ ਯਾਦਾਂ ਨਾਲ਼ ਹੀ ਦਿਲ ਪਰਚਾਵਾਂ,

ਇਕਲਾਪੇ ਦੇ ਦੁੱਖ ਜਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਸ਼ੂਕਾਂ ਮਾਰੇ ਇਸ਼ਕ ਸਮੁੰਦਰ ਜਦ ਉਹਦੇ ਵੱਲ ਵੇਖਾਂ,

ਰਾਂਝਣ ਮਾਹੀ ਨਾਲ਼ ਤੁਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਸੁੱਖ ਨੂੰ ਪੱਲੇ ਬੰਨ੍ਹ ਕੇ ਹੋ ਗਏ ਅੰਦਰ ਦੇ ਇੰਝ ਕੈਦੀ,

ਸੱਚ ਦੇ ਖੂਹ ਤੋਂ ਪਾਣੀ ਭਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਮੈਂ ਜੁੱਸੇ ਦੇ ਰੌਲੇ ਅੰਦਰ ਇੰਝ ਖੜੀਚੀ ਹੋਈ,

ਰੂਹ ਦੀ ਵਾਜ ਤੇ ਕੰਨ ਧਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਝੂਠ ਦੇ ਚਿੱਕੜ, ਲਾਲਚ ਵਾਲੀ ਗਾਭ ਤੋਂ ਜਿਹੜਾ ਬਚਿਆ,

ਜੀਵਨ ਉਹਦੇ ਨਾਵੇਂ ਕਰਨ ਦੀ ਵੇਲ੍ਹ ਮਿਲੇ ਨਾ ਮੈਨੂੰ।

ਸੱਦਫ਼ ਬੇਗਾਨੇ ਰੰਗਾਂ ਦੇ ਵਿਚ ਇੰਝ ਰਨਗੀਚੀ ਆਂ,

ਹੁਣ ਤੇ ਕੁਝ ਵੀ ਜਿੱਤਣ ਹਰਣ ਦੀ ਵੇਲ੍ਹ ਮਿਲੇ ਨਾ ਮੈਨੂੰ।

📝 ਸੋਧ ਲਈ ਭੇਜੋ