ਆਸ ਦਾ ਦੀਵਾ ਬਾਲ ਕੇ

ਆਸ ਦਾ ਦੀਵਾ ਬਾਲ ਕੇ ਰਾਹਵਾਂ ਤੱਕਦੀ ਰਹਿਨੀ ਆਂ।

ਪਲ ਪਲ ਤੇਰੇ ਹਿਜਰ ਦਾ ਮੋਹਰਾ ਫੁਕਦੀ ਰਹਿਨੀ ਆਂ।

ਕੱਚੀ ਆਂ ਮੈਂ ਇਸ਼ਕ ਦੀ ਭੱਠੀ ਪੱਕਦੀ ਆਂ,

ਹਿਜਰ ਦੇ ਮਾਰੂਥਲ ਵਿੱਚ ਟੁਰ ਟੁਰ ਥੱਕਦੀ ਰਹਿਨੀ ਆਂ।

ਨਹੀਂ ਆਇਆ ਤੇ ਕਿਉਂ ਨਹੀਂ ਆਇਆ ਕਾਵਾਂ ਤੋਂ ਪੁੱਛਾਂ,

ਆ ਜਾਵੇ ਤੇ ਉਹਦੇ ਪਿਆਰ ਤੋਂ ਅਕਦੀ ਆਂ।

ਇਕਲਾਪੇ ਦਾ ਚਰਖ਼ਾ ਡਾਹ ਕੇ ਵਿਚ ਪ੍ਰੀਤ ਦੇ ਵਿਹੜੇ,

ਦਰਦ ਵਿਛੋੜੇ ਦੀ ਪੂਣੀ ਮੈਂ ਕੱਤਦੀ ਰਹਿਨੀ ਆਂ।

ਉਹਨੂੰ ਵੇਖ ਕੇ ਹੱਥਾਂ ਵਿਚੋਂ ਜਿੰਦੜੀ ਨਿਕਲੀ ਜਾਵੇ,

ਉਖੜੇ ਉਖੜੇ ਸਾਹ ਸੀਨੇ ਵਿੱਚ ਡੱਕਦੀ ਰਹਿਨੀ ਆਂ।

ਉਹਦੀ ਮੰਨ ਲਵਾਂ ਤੇ ਹਰ ਸ਼ੈ ਹੱਥੋਂ ਜਾਂਦੀ ਏ,

ਜੇ ਉਹਦੀ ਨਾ ਮੰਨਾਂ ਤੇ ਨਹੀਂ ਕੱਖ ਦੀ ਰਹਿਨੀ ਆਂ।

ਸ਼ੈਹ ਰੱਗ ਤੋਂ ਵੀ ਨੇੜੇ ਜਿਹੜਾ ਲੂੰ ਲੂੰ ਅੰਦਰ ਵਸੇ,

ਦਿਲ ਦੀਆਂ ਅੱਖਾਂ ਨਾਲ਼ ਮੈਂ ਉਹਨੂੰ ਤੱਕਦੀ ਰਹਿਨੀ ਆਂ।

ਜੋ ਚਾਹਨੀ ਹਾਂ ਸੁਗ਼ਰਾ ਮੈਨੂੰ ਮਿਲ ਤੇ ਸਕਦਾ ਏ,

ਖ਼ੋਰੇ ਫ਼ਿਰ ਵੀ ਮੰਗਣ ਤੋਂ ਕਿਉਂ ਝੱਕਦੀ ਰਹਿਨੀ ਆਂ।

📝 ਸੋਧ ਲਈ ਭੇਜੋ