ਆਸ ਦਾ ਦੀਵਾ ਬਾਲ

ਆਸ ਦਾ ਦੀਵਾ ਬਾਲ ਵੇ ਮਾਹੀ।

ਡਾਢਾ ਮੰਦੜਾ ਹਾਲ ਵੇ ਮਾਹੀ।

ਜਦ ਦੁੱਖਾਂ ਨੇ ਧਰਨਾ ਦਿੱਤਾ,

ਤੂੰ ਨਾ ਬੈਠੋਂ ਨਾਲ਼ ਵੇ ਮਾਹੀ।

ਤੇਰੇ ਬਾਝੋਂ ਲੰਘ ਈ ਗਏ ਨੇਂ,

ਸਦੀਆਂ ਵਰਗੇ ਸਾਲ ਵੇ ਮਾਹੀ।

ਬਾਂਝ ਪਰਾਂ ਦੇ ਉੱਡਦੀ ਪਈ ਆਂ,

ਇਸ਼ਕ ਦਾ ਉੱਚ ਕਮਾਲ ਵੇ ਮਾਹੀ।

ਇਸ਼ਕ ਨੂੰ ਲੂੰ ਲੂੰ ਵਿਚ ਵਸਾ ਕੇ,

ਥੀਵਾਂ ਸਦਾ ਨਿਹਾਲ ਵੇ ਮਾਹੀ।

ਹਿਜਰ ਦੇ ਖਾਰੇ ਪਾਣੀ ਮੇਰੀ,

ਜਿੰਦੜੀ ਦਿੱਤੀ ਗਾਲ਼ ਵੇ ਮਾਹੀ।

ਮੇਰੇ ਜਿਹੀ ਵੀ ਕੋਈ ਨਹੀਂ ਉਥੇ,

ਤੂੰ ਵੀ ਬੇਮਿਸਾਲ ਵੇ ਮਾਹੀ।

ਆਪਣੇ ਗੁਣ ਤੇ ਨਾਜ਼ ਕਰਾਂ ਮੈਂ,

ਮੇਰੀ ਕਦੋਂ ਮਜਾਲ ਵੇ ਮਾਹੀ?

ਤੂੰ ਤੇ ਮੈਂ ਅੱਜ ਵੱਖ ਖਲੋਤੇ,

ਵੇਲੇ ਚਲੀ ਚਾਲ ਵੇ ਮਾਹੀ।

ਵਿੱਚ ਦਲੀਜਾਂ ਬੈਠੀ ਦੇ ਤੱਕ,

ਬੱਗੇ ਹੋ ਗਏ ਵਾਲ਼ ਵੇ ਮਾਹੀ।

ਰਾਤ ਹਿਜਰ ਦੀ ਕਾਲਮ ਕਾਲ਼ੀ,

ਚੰਨ ਜਿਹਾ ਮੁੱਖ ਵਿਖਾਲ ਵੇ ਮਾਹੀ।

ਸੁਗ਼ਰਾ ਸੱਦਫ਼ ਫ਼ਕੀਰ ਨਿਮਾਣੀ,

ਲੱਗੀਆਂ ਦੀ ਲੱਜ ਪਾਲ਼ ਵੇ ਮਾਹੀ।

📝 ਸੋਧ ਲਈ ਭੇਜੋ