ਆਸ ਕੀ ਰੱਖਣੀ ਨਿਆਂ ਦੀ ਟਾਹਣੀਆਂ ਨੇ
ਫ਼ੈਸਲਾ ਦੇਣਾ ਏ ਜੇਕਰ ਕੁਰਸੀਆਂ ਨੇ
ਦੌਰ ਹੈ ਵਿਉਪਾਰ ਦਾ ਹੁਣ ਤਿਤਲੀਆਂ ਵੀ
ਸ਼ੋਖ਼ ਰੰਗਾਂ ਦੀ ਤਿਜਾਰਤ ਕਰਦੀਆਂ ਨੇ
ਜ਼ੁਲਮ ਕਰਦੇ ਸਾਗਰਾਂ ਨੂੰ ਇਹ ਪਤਾ ਹੈ
ਹੋਰ ਜਾਣਾ ਵੀ ਕਿਧਰ ਹੈ ਮਛਲੀਆਂ ਨੇ
ਪਰਦਿਆਂ ਦੀ ਓਟ ਮੰਗੀ ਕਮਰਿਆਂ ਤਾਂ
ਚੁੱਪ—ਚੁਪੀਤੇ ਮੌਤ ਮੰਗੀ ਖਿੜਕੀਆਂ ਨੇ
ਕੰਮ ਅੱਖੀਆਂ ਦਾ ਨ ਕੇਵਲ ਵੇਖਣਾ ਹੀ
ਇਹ ਕਿਸੇ ਦੇ ਨਾਲ ਵੀ ਤਾਂ ਲੜਦੀਆਂ ਨੇ
ਮੁਲਤਵੀ ਹਰ ਵਾਰ ਕਰਦਾ ਪਿਆਰ ਨੂੰ ਉਹ
ਆਖਦਾ ਹੈ ਹੋਰ ਵੀ ਸਰਗਰਮੀਆਂ ਨੇ
ਫਿਰ ਸੁਭ੍ਹਾ ਹੋਈ ਤੇ ਫਿਰ ਅਖ਼ਬਾਰ ਆਈ
ਫਿਰ ਬੜਾ ਬੇਚੈਨ ਕੀਤਾ ਸੁਰਖ਼ੀਆਂ ਨੇ
ਮਰ ਗਿਆ ਯਾਰੋ ‘ਅਮਰ’ ਤਾਂ ਫਿਰ ਕੀ ਹੋਇਆ
ਉਸ ਦੀਆਂ ਗੱਲਾਂ ਤਾਂ ਘਰ—ਘਰ ਚਲਦੀਆਂ ਨੇ