ਆਸਾਂ ਦਾ ਦੀਵਾ

ਖ਼ਾਮੋਸ਼ ਸ਼ਹਿਰ ਦੀਆਂ

ਸੁੰਨਸਾਨ ਸੜਕਾਂ ਤੇ

ਮਨੁੱਖ ਦੀ ਸੋਚ ਮੁੱਕਦੀ ਜਾ ਰਹੀ ਹੈ

ਢਲਦੀ ਉਮਰ ਦੇ

ਜੀਵਨ ਦੇ ਨਕਸ਼ੇ ਤੇ

ਕਦਮਾਂ ਦੀ ਚਾਲ ਮੱਠੀ ਪੈਂਦੀ ਰਹੀ ਹੈ

ਸੋਚਾਂ ਦੀਆਂ ਪੈੜਾਂ ਤੇ

ਉੱਜੜੇ ਹੋਏ ਰਾਹਾਂ ਤੇ

ਯਾਦਾਂ ਦੀ ਲੜੀ ਹੁਣ ਟੁੱਟਦੀ ਜਾ ਰਹੀ ਹੈ

ਕਾਗਜ਼ਾਂ ਦੇ ਟੁਕੜਿਆਂ ਨੂੰ

ਕਦੋਂ ਤੱਕ ਸਾਂਭਦੇ ਰਹੋਗੇ

ਰੇਤੇ ਦੀਆਂ ਨੀਹਾਂ ਤੇ

ਕਦੋਂ ਤੱਕ ਮਹਿਲ ਉਸਾਰਦੇ ਰਹੋਗੇ

ਸੌਂ ਰਹੇ ਅੰਗਿਆਰਿਆਂ ਚੋਂ

ਭਾਂਬੜ ਦੀ ਹੁਣ ਆਸ ਨਹੀਂ

ਬੀਤ ਚੁੱਕੇ ਕੱਲ੍ਹ ਤੋਂ

ਨਵੀਂ ਸਵੇਰ ਦੀ ਹੁਣ ਆਸ ਨਹੀਂ

ਭੁੱਜਦੇ ਥਲਾਂ ਵਿੱਚ ਖੇਡਣ ਦਾ

ਸਮਾਂ ਆ ਗਿਆ ਹੈ

ਸੂਲਾਂ ਦੀਆਂ ਸੇਜਾਂ ਤੇ ਸੌਣ ਦਾ

ਸੰਘਣੇ ਜੰਗਲਾਂ ਨੂੰ ਚੀਰਦਿਆਂ 

ਡਰ ਦੀਆਂ ਧੂੜਾਂ ਨੂੰ ਧਕੇਲਦਿਆਂ 

ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ 

ਆਸਾਂ ਦਾ ਦੀਵਾ ਫੜਕੇ

ਜ਼ਿੰਦਗੀ ਦੀਆਂ ਵਾਟਾਂ ਕੱਟਦਿਆਂ

ਮੰਜ਼ਿਲ ਤੇ ਤਾਂ ਆਖ਼ਰ ਪਹੁੰਚਣਾ ਹੈ

 

📝 ਸੋਧ ਲਈ ਭੇਜੋ