ਆਤਮਾ ਪਰਮਾਤਮਾ ਦੀ ਗੱਲ

ਆਤਮਾ ਪਰਮਾਤਮਾ ਦੀ ਗੱਲ ਕਰਾਂਗੇ ਫਿਰ ਕਦੇ

ਮੌਤ ਵਾਲੇ ਡਰ ਜਿਹੇ ਤੋਂ ਵੀ ਡਰਾਂਗੇ ਫਿਰ ਕਦੇ

ਜ਼ਿੰਦਗੀ ਦੇ ਸ਼ਹੁ ’ਚ ਹਾਲੇ ਆ ਛਲਾਂਗਾਂ ਮਾਰੀਏ

ਜੇ ਕਿਤੇ ਭਵਜਲ ਹੈ ਤਾਂ ਉਸਨੂੰ ਤਰਾਂਗੇ ਫਿਰ ਕਦੇ

ਦੂਰ ਦੇ ਨਰਕਾਂ ਸਵਰਗਾਂ ਨੂੰ ਅਜੇ ਤੂੰ ਰਹਿਣ ਦੇ

ਆਪਣੇ ਨਜ਼ਦੀਕ ਮੈਨੂੰ ਨਿੱਠ ਕੇ ਹਾਲੇ ਬਹਿਣ ਦੇ

ਤੂੰ ਅਜੇ ਬਸ ਨੀਰ ਵਸਲਾਂ ਦੇ ਨਿਰੰਤਰ ਵਹਿਣ ਦੇ

ਦੂਰੀਆਂ, ਮਜਬੂਰੀਆਂ ਸਭ ਨੂੰ ਜਰਾਂਗੇ ਫਿਰ ਕਦੇ

ਮਹਿਕਦੇ ਰਾਹਾਂ ’ਤੇ ਹਾਲੇ ਚੱਲ ਮੇਰੇ ਨਾਲ ਤੂੰ

ਧੜਕਣਾਂ ਵਿੱਚ ਫੁੱਲ ਖਿੜਦੇ ਰਹਿਣ ਦੇ ਫ਼ਿਲਹਾਲ ਤੂੰ

ਸੁਪਨਿਆਂ ਦੇ ਥਾਲ ਵਿਚ ਹੀ ਦੀਪ ਹਾਲੇ ਬਾਲ ਤੂੰ

ਮੰਦਿਰਾਂ ਅੰਦਰ ਜਗਾ ਜੋਤਾਂ ਧਰਾਂਗੇ ਫਿਰ ਕਦੇ

ਗਹਿਰੀਆਂ ਬਾਤਾਂ ਅਜੇ ਤਾਂ ਹੋਰ ਵੀ ਨੇ ਕਰਨੀਆਂ

ਗਰਮਜੋਸ਼ੀ ਨਾਲ ਨਦੀਆਂ ਬਲਦੀਆਂ ਨੇ ਤਰਨੀਆਂ

ਅੰਬਰਾਂ ਤੋਂ ਪਾਰ ਵੀ ਹਾਲੇ ਉਡਾਨਾਂ ਭਰਨੀਆਂ

ਸੀਤ ਹਉਕੇ, ਠੰਡੀਆਂ ਹਾਵਾਂ ਭਰਾਂਗੇ ਫਿਰ ਕਦੇ

ਚਾਰ ਦਿਨ ਦੀ ਚਾਨਣੀ ਤੇ ਫਿਰ ਹਨ੍ਹੇਰੀ ਰਾਤ ਹੈ

ਤੁਰ ਗਿਆ ਏਥੋਂ ਸਿਕੰਦਰ ਤੁਰ ਗਿਆ ਸੁਕਰਾਤ ਹੈ

ਸਾਰਿਆਂ ਮਰਨਾ ਹੈ ਤਾਂ ਅਸਚਰਜ ਕਿਹੜੀ ਬਾਤ ਹੈ

ਆ ਕਿ ਹਾਲੇ ਜੀਅ ਤਾਂ ਲਈਏ ਤੇ ਮਰਾਂਗੇ ਫਿਰ ਕਦੇ

📝 ਸੋਧ ਲਈ ਭੇਜੋ