ਆਵੇ ਵੇ ਕੋਈ ਆਵੇ
ਬਦਲੋਂ ਵਿਛੜੀ ਇਕ ਕਣੀ ਨੂੰ
ਧਰਤੀ ਤੀਕ ਪੁਚਾਵੇ
ਨਾ ਸਾਡਾ ਅਸਮਾਨ ਹੈ ਕੋਈ
ਨਾ ਧਰਤੀ ਸੰਗ ਰਿਸ਼ਤਾ
ਹਰ ਇਕ ਯਾਰ ਹਨੇਰੀ ਵਰਗਾ
ਪੱਲਾ ਫੜੀਏ ਕਿਸ ਦਾ
ਨੈਣਾਂ ਵਿਚ ਸਮੁੰਦਰ ਭਰਿਆ
ਕਿਤੇ ਐਵੇਂ ਨਾ ਡੁੱਲ੍ਹ ਜਾਵੇ
ਆਵੇ ਵੇ ਕੋਈ ਆਵੇ
ਜਿਸ ਦਿਨ ਅੰਮੜੀ ਸਾਨੂੰ ਜਾਇਆ
ਸੂਰਜ ਚੜ੍ਹਿਆ ਊਣਾ
ਮੱਥੇ ਦੇ ਵਿੱਚ ਅੱਗ ਸਿਵਿਆਂ ਦੀ
ਕਿਸਮਤ ਕੀਤਾ ਟੂਣਾ
ਜਿੰਦ ਦੀ ਖੈਰ ਮੰਗੇ ਤਨਹਾਈ
ਜੁਗ ਜੁਗ ਰੂਪ ਹੰਢਾਵੇ
ਆਵੇ ਵੇ ਕੋਈ ਆਵੇ
ਸੱਤ-ਰੰਗੀਆਂ ਪੀਘਾਂ ਜਿਹੀ ਉਮਰਾ
ਪਲ ਦੋ ਪਲ ਲਈ ਜੀਂਦੀ
ਰਾਂਝਣ ਬਾਝੋਂ ਰੂਹ ਪਰਦੇਸਣ
ਬੁਕ ਬੁਕ ਹੰਝੂ ਪੀਂਦੀ
ਜੇਠ ਹਾੜ ਦੀਆਂ ਸਿਖਰ ਦੁਪਹਿਰਾਂ
ਜਿੰਦ ਕਿਸ ਛਾਵੇਂ ਜਾਵੇ
ਆਵੇ ਵੇ ਕੋਈ ਆਵੇ
ਜਿਸ ਰੁੱਖ ਦੀ ਵੀ ਛਾਵੇਂ ਬੈਠੇ
ਉਸਦੇ ਪੱਤ ਅੰਗਿਆਰੇ
ਜਿਹੜੀ ਧੁੱਪ ਨੂੰ ਯਾਰ ਬਣਾਇਆ
ਕੋਮਲ ਸੁਪਨੇ ਸਾੜੇ
ਹਰ ਇਕ ਰੀਝ ਕਰੂੰਬਲ ਵਰਗੀ
ਮੋਹ ਬਾਝੋਂ ਮੁਰਝਾਵੇ
ਆਵੇ ਵੇ ਕੋਈ ਆਵੇ
ਫੁੱਲਾਂ ਵਰਗੇ ਲੋਕਾਂ ਕੋਲੋਂ
ਦੋ ਪਲ ਮਹਿਕ ਦੇ ਮੰਗੇ
ਫੁੱਲ-ਪੱਤੀਆਂ ਜਿਹੇ ਸ਼ਬਦ ਬੁੱਲਾਂ ਤੇ
ਦਿਲ ਵਿੱਚ ਬੀਜਣ ਕੰਡੇ
ਸ਼ਬਦਾਂ ਤੇ ਅਰਥਾਂ ਦਾ ਰਿਸ਼ਤਾ
ਕੀਕਣ ਕੋਈ ਸਮਝਾਵੇ
ਆਵੇ ਵੇ ਕੋਈ ਆਵੇ
ਬਦਲੋਂ ਵਿਛੜੀ ਇਕ ਕਣੀ ਨੂੰ
ਧਰਤੀ ਤੀਕ ਪੁਚਾਵੇ