ਅੱਚਨਚੇਤੇ ਯਾਰ ਮਿਲੇ ਤੇ ਇੰਝ ਮੈਂ ਜਸ਼ਨ ਮੰਨਾਵਾਂ।
ਚੁੱਪ ਦੀ ਬੁੱਕਲ਼ ਲਾਹ ਕੇ ਸੁੱਟਾਂ, ਖੁੱਲ ਕੇ ਲੁਡੀਆਂ ਪਾਵਾਂ।
ਜਿਸ ਦਿਨ ਦੁਨੀਆਦਾਰੀ ਸਾਡੇ ਵਿਚੋਂ ਕੂਚ ਕਰੇਗੀ,
ਉਸ ਦਿਹਾੜੇ ''ਤੂੰ'' ਤੇ ''ਮੈਂ'' ਦੇ ਸਭੇ ਫ਼ਰਕ ਮਿਟਾਵਾਂ।
ਤੇਰੀ ਮੇਰੀ ਪ੍ਰੇਮ ਕਹਾਣੀ ਅੰਬਰੋਂ ਅੱਗੇ ਅਪੜੀ,
ਮੈਂ ਤੇਰੀ ਪਹਿਚਾਨ ਅਜ਼ਲ ਤੋਂ, ਤੂੰ ਮੇਰਾ ਪਰਛਾਵਾਂ।
ਜੁਗਨੂ ਵਾਂਗੂੰ ਚਮਕਾਂ ਮਾਰਨ ਉਹਦੇ ਨੈਣ ਨੂਰਾਨੀ,
ਉਹਦੇ ਆਣ ਤੇ ਚਾਨਣ ਦੀ ਮੈਂ ਰੱਜ ਕੇ ਧੂੜ ਉਡਾਵਾਂ।
ਤੂੰ ਬੋਲੇਂ ਤੇ ਆਲ ਦੁਆਲੇ ਸੁਰ ਦੀ ਬਾਰਿਸ਼ ਹੋਵੇ,
ਤੂੰ ਵੇਖੇਂ ਤੇ ਅੱਚਨਚੇਤੇ ਹਰ ਥਾਂ ਖਿੜਨ ਦੁਆਵਾਂ।
ਕਦੇ ਕਦੇ ਜੀ ਕਰਦਾ ਸੁਗ਼ਰਾ ਉਹਦੇ ਮੁੱਖੜੇ ਉਤੋਂ,
ਕਣਕ ਜਿਹਾ ਰੰਗ ਲੈ ਕੇ ਮੈਂ ਇੱਕ ਵੱਖਰਾ ਰੰਗ ਬਣਾਵਾਂ।
٭٭٭
ਤੇਰੇ ਬਾਝੋਂ ਸੁੱਖ ਮਾਣਾਂ ਕਿ ਰੁਲ਼ ਜਾਵਾਂ।
ਦੱਸ ਹੁਣ ਤੈਨੂੰ ਯਾਦ ਕਰਾਂ ਕਿ ਭੁੱਲ ਜਾਵਾਂ।
٭٭٭