ਅਦਬ ਅੱਖਰ ਦੀ ਖੇਤੀ

ਮਾਂ, ਮੜੀ, ਮਸੀਤ, ਮਾਲ਼ਾ, ਮੱਠ, ਮੰਦਰ

ਅੰਮ੍ਰਿਤ ਕਦੇ ਹਰਿਮੰਦਰ ਹੋ ਗਿਆ

ਸ਼ਬਦ-ਚਿੰਨ ਬਾਕੀ ਬਦਲ ਗਏ

ਪਰ ‘ਮੰਮਾ' ਓਹੀ ਰਹਿ ਗਿਆ

ਮੰਮਾ-ਮੱਕਾ, ਮਣਕਾ, ਮਕਾਂ ਹੈ

ਲੱਖਰਾਹੀ ਇੱਕ ਮੰਜ਼ਿਲ ਦਾ ਨਾਂ ਹੈ

ਰਟ-ਰੌਲ਼ੇ, ਨਸਲਾਂ, ਮਿਸਲਾਂ ਦੇ

ਹੇਕਾਂ, ਬਾਂਗਾਂ, ਕੂਕਾਂ, ਵਿਸਲਾਂ ਦੇ

“ਅੱਲਾ” ਅਦਬ ਅੱਖਰ ਦੀ ਖੇਤੀ ਹੈ

ਅੱਖਰ ਹੀ ਅੱਖਰ ਦਾ ਭੇਤੀ ਹੈ

ਸ਼ਬਦਾਂ ਦੇ ਅਕਾਰ ਬਦਲਦੇ

ਲੋਕ ਕਹਿਣ, 'ਫ਼ਨਕਾਰ ਬਦਲਦੇ'

ਬਚਨ, ਉਦੇਸ਼, ਸੁਨੇਹਾ ਓਹੋ

ਵਕਤ, ਕਵੀ, ਕਥਾਕਾਰ ਬਦਲਦੇ

ਸੰਬਾਦ ਹੁੰਦਾ ਹੈ, ਭੇੜ ਨਹੀਂ ਹੁੰਦਾ

ਫ਼ੱਕਰ ਕਲਮ ਲਬੇੜ ਨਈਂ ਹੁੰਦਾ

ਗ੍ਰੰਥਾਂ ਦੇ ਵਖਿਆਨ ਨਹੀਂ ਲੜ੍ਹਦੇ

ਗੀਤਾ ਅਤੇ ਕੁਰਆਨ ਨਹੀਂ ਲੜ੍ਹਦੇ

ਸਮਝ ਸੱਚ ਦੀ ਮਰ ਕੇ ਆਉਂਦੀ

ਵਿੱਚ ਕਬਰਾਂ ਇਨਸਾਨ ਨਹੀਂ ਲੜ੍ਹਦੇ।

📝 ਸੋਧ ਲਈ ਭੇਜੋ