ਅੱਧੀ ਰਾਤ ਵੇਲੇ ਚੰਨ
ਮੈਨੂੰ ਬਹੁਤ ਸੋਹਣਾ ਲੱਗਦਾ ਹੈ
ਬਿਲਕੁਲ ਤੇਰੇ ਚਿਹਰੇ ਵਾਂਗ
ਖਿੜਿਆ-ਖਿੜਿਆ ਰੌਸ਼ਨ-ਰੌਸ਼ਨ
ਠੰਡਕ ਤੇ ਸ਼ੀਤਲਤਾ ਵਰਤਾਉਂਦਾ
ਹਿਰਦੇ ਨੂੰ ਠਾਰਦਾ ਹੈ
ਅੱਧੀ ਰਾਤ ਵੇਲੇ ਚੰਨ !
ਨਿੱਕੀ ਜਹੀ ਬਾਲੜੀ ਮੁਸਕਾਨ ਵਰਗਾ ਚੰਨ
ਮੇਰੇ ਬਨੇਰੇ ਤੇ ਆਣ ਕੇ ਬਹਿ ਜਾਂਦਾ ਹੈ
ਮੇਰੇ ਨਾਲ ਗੱਲਾਂ ਕਰਦਾ ਕਰਦਾ
ਇਹ ਚੰਨ ਕਦੇ ਮੇਰਾ ਵੱਡਾ-ਵਡੇਰਾ ਬਣ ਜਾਂਦਾ ਹੈ
ਠੰਡੀ ਛਤਰੀ ਵਾਂਗ ਆਪਣਾ ਹੱਥ ਮੇਰੇ ਸਿਰ ਤੇ ਧਰਦਾ
ਤੇ ਕਦੇ ਮੇਰੀ ਗੋਦ ਵਿੱਚ ਖੇਡਦਾ
ਮੇਰਾ ਪੁੱਤਰ ਬਣ ਜਾਂਦਾ ਹੈ
ਮਸੀਂ ਇੱਕ ਦੋ ਸਾਲ ਦਾ
ਅਜੇ ਤੁਰਨਾ ਨਾ ਜਾਣਦਾ!
ਮੇਰੀ ਉਂਗਲੀ ਫੜ ਕੇ
ਮੈਨੂੰ ਬਹੁਤ ਪਿੱਛੇ ਲੈ ਜਾਂਦਾ ਹੈ
ਅੱਧੀ ਰਾਤ ਵੇਲੇ ਚੰਨ