ਗੱਲ ਸ਼ੁਰੂ ਹੀ ਕਿਉਂ ਕਰਨੀ ਸੀ
ਜੇ ਅੱਧ ਵਿਚਕਾਰ ਛੱਡਣੀ ਸੀ
ਹੁਣ ਇਨ੍ਹਾਂ ਟੁੱਟੀਆਂ ਰੱਸੀਆਂ ਨੂੰ
ਗੰਢਦਾ-ਗੰਢਦਾ
ਸਾਹਾਂ ਦੀ ਮਾਲਾ ਸਮਝ ਕੇ
ਤੁਰਿਆ ਫਿਰਦਾ ਹਾਂ
ਕੋਈ ਗੰਢ ਕਿਤੇ ਅਟਕ ਜਾਂਦੀ ਹੈ
ਤੇ ਕੋਈ ਹੋਰ ਕਿਤੇ
ਤੂੰ ਮੇਰੇ ਨਾਲ ਨਾਲ
ਤੁਰਨਾ ਹੀ ਕਿਉਂ ਸੀ
ਜੇ ਅੱਧ ਵਿਚਕਾਰੋਂ ਹੀ
ਪਰਤ ਜਾਣਾ ਸੀ
ਉਲਟ ਦਿਸ਼ਾ ਵੱਲ
ਮੈਂ ਹੁੰਗਾਰਾ ਉਡੀਕ ਰਿਹਾਂ ਸਾਂ
ਕਿ ਖਿਲਾਅ ਬੋਲਿਆ
ਭੋਲਿਆ ਪੰਛੀਆ! ਕਿਸਨੂੰ ਲੱਭਦਾ ਹੈਂ ?
ਮੈਂ ਹੁੰਗਾਰਾ ਨਹੀਂ
ਮੈਂ ਤਾਂ ਤੇਰੇ ਹਾਉਕੇ ਦੀ ਹੀ ਪ੍ਰਤੀਧ੍ਵਨੀ ਹਾਂ!
ਕੀ ਕਾਹਲੀ ਸੀ ਇਹ ਆਖਣ ਦੀ
ਕਿ ਉਮਰ ਭਰ ਲਈ
ਚੰਦਰਮਾ, ਸੂਰਜ
ਗੁਫ਼ਤਗੂ ਕਰਾਂਗੇ!
डे ਤਾਰਿਆਂ ਨਾਲ
ਜੇ ਦਿਨ ਦੇ ਚਿੱਟੇ ਚਾਨਣੇ ਵਿੱਚ ਹੀ
ਤੂੰ ਅਲੋਪ ਹੋ ਜਾਣਾ ਸੀ
ਪਾਣੀ ਤੇ ਕਲੋਲ ਕਰਦੀਏ ਲਹਿਰ
ਤੂੰ ਕਦੇ ਮੇਰੀ ਅੱਖ ਦਾ ਨੀਰ ਸੀ
ਹਵਾ ਵਿੱਚ ਆ ਕੇ ਫੁੱਲੀ ਫਿਰਦੀ ਹੈਂ ?
ਪਾਣੀ ਤੇ ਅੱਥਰੂ ਵਿਚਲਾ ਫ਼ਰਕ
ਜਦੋਂ ਤੀਕ ਤੈਨੂੰ ਸਮਝ ਆਵੇਗਾ
ਪਾਣੀ ਪੁਲਾਂ ਤੋਂ ਬਹੁਤ ਅੱਗੇ ਨਿਕਲ ਚੁੱਕੇ ਹੋਣਗੇ ।
ਤੇਰੀ ਮੇਰੀ ਬਾਤ ਤੁਰਦੀ-ਤੁਰਦੀ
ਏਥੇ ਆ ਕੇ ਕਿਉਂ ਰੁਕੀ ਹੈ!
ਮੈਨੂੰ ਲੱਗਦਾ ਹੈ ਕਿ ਇਹ
‘ਮਨੂ ਸਿਮਰਤੀ’ ਲਿਖਣ ਵਾਲੇ ਪੰਡਤ ਨੇ
ਕੋਈ ਭਾਨੀ ਮਾਰੀ ਹੈ !
ਰਿਸ਼ਤਿਆਂ ਦੇ ਨਿਰਮਲ ਪਾਣੀਆਂ ਵਿੱਚ
ਉਸੇ ਨੇ ਹੀ ਗੰਧਲੀ ਵਰਣ-ਵੰਡ ਦੀ ਕਾਂਜੀ ਘੋਲੀ ਹੈ!
ਤੇ ਜਾਂ ਇੰਜ ਹੋਇਆ ਜਾਪਦੈ!
ਪਟਵਾਰੀ ਦਾ ਵਹੀ ਖਾਤਾ ਬੋਲ ਪਿਆ ਹੋਵੇਗਾ-
ਅਣਤੋਲੀ ਮਿੱਟੀ ਦਾ ਲੇਖਾ-ਜੋਖਾ
ਜੋ ਤੇਰੇ ਮੇਰੇ ਰਿਸ਼ਤੇ ਨੂੰ ਮਿੱਟੀ ਕਰ ਗਿਆ!
ਸਾਰੇ ਗੁਣਾਂ ਸਮੇਤ ਮੈਂ ਤੇਰੇ 'ਚੋਂ ਮਨਫ਼ੀ ਹੋ ਗਿਆ
ਅੱਥਰੀਆਂ ਪੌਣਾਂ ਦੇ ਹਵਾਲੇ
ਸਰਮਾਏ ਦੀ ਹਨ੍ਹੇਰੀ 'ਚੋਂ ਉੱਠਿਆ ਕੱਖ ਕਾਨ
ਹਰ ਵਾਰ ਸਾਡੀਆਂ ਹੀ ਅੱਖਾਂ ਨੂੰ
ਕਿਉਂ ਜ਼ਖ਼ਮੀ ਕਰਦਾ ਹੈ!
ਅਸੀਂ ਹੀ ਕਿਉਂ ਥਿੜਕ ਜਾਂਦੇ ਹਾਂ ਹਰ ਵਾਰ
ਸਾਡੀ ਹੀ ਗੁਫ਼ਤਗੂ ਕਿਉਂ
ਅਧੂਰੀ ਰਹਿ ਜਾਂਦੀ ਹੈ ਬਾਰ-ਬਾਰ