ਐੜਾ ਅੰਤ ਦੇ ਸਮੇਂ ਪਛਤੌਣਗੇ ਜੀ, ਜਿਨ੍ਹਾਂ ਰੱਬ ਦਾ ਨਾਮ ਵਿਸਾਰਿਆ ਈ।

ਰਹੇ ਪਾਪ ਬਦਫ਼ੈਲੀਆਂ ਵਿੱਚ ਜਾ ਕੇ, ਨਾਮ ਸੁੱਤਿਆਂ ਵਕਤ ਗੁਜ਼ਾਰਿਆ ਈ।

ਤਿੰਨ ਕਾਲ ਹੈ ਕੂੜ ਜਹਾਨ ਮਿਥਿਆ, ਸੱਚ ਵੇਦ ਨੇ ਕੂਕ ਪੁਕਾਰਿਆ ਈ।

ਨਾਮ-ਦਾਨ ਸੰਤ ਸਤਸੰਗ ਕੀਤਾ, ਜਾਣ ਬੁੱਝਕੇ ਕਾਜ ਵਿਗਾੜਿਆ ਈ।

ਜਿਹੜਾ ਪੁਰਸ਼ ਸਤਸੰਗ ਨਾ ਵਿੱਚ ਆਵੇ, ਦੀਨ-ਦੁਨੀ ਜਹਾਨ ਤੋਂ ਮਾਰਿਆ ਈ।

ਸਿਰ ਖੜੀ ਹੈ ਮੌਤ ਦੀ ਘੜੀ ਤੇਰੇ, ਗਾਫ਼ਲ-ਗਹਲਿਆ ਫਿਰੇਂ ਹੰਕਾਰਿਆ ਈ।

ਦਯਾ ਮੇਹਰ ਨੇ ਰੱਬ ਦਾ ਖੌਫ਼ ਕੀਤਾ, ਜਿੰਦੇ ਜੀਹਨੂੰ ਪਕੜ ਕੇ ਮਾਰਿਆ ਈ।

ਤਨ ਧਨ ਦੇਵਨ ਹਰਿ ਦਾਤਾਰ ਠਾਕਰ, ਕਿਸੇ ਵਖਤ ਨਾ ਚਿੱਤ ਚਿਤਾਰਿਆ ਈ।

ਮਾਨਸ-ਜਨਮ ਦੁਰਲੱਭ ਹੈ ਜਿਨ੍ਹੇ ਦਿੱਤਾ, ਗੁਣ ਜਾਣਿਆ ਨਾ ਹੀ ਸਿਆਰਿਆ ਈ।

ਕਰੀਂ ਓਸਦੀ ਸਿਫ਼ਤ ਵਿਚਾਰ ਬੰਦੇ, ਪਾਣੀ ਬੂੰਦ ਤੋਂ ਬੁਰਜ ਉਸਾਰਿਆ ਈ।

ਹੱਥ-ਪੈਰ ਮੂੰਹ ਅੱਖੀਆਂ ਨੱਕ ਦਿੱਤਾ, ਖ਼ੂਬ ਘੜਕੇ ਰੂਪ ਸਵਾਰਿਆ ਈ।

ਸੱਚੇ ਸਾਹਿਬ ਦਾ ਸੰਤ ਮਹਾਤਮਾ ਨੇ, ਹਾਲਾ ਭਰਿਆ ਮਾਮਲਾ ਤਾਰਿਆ ਈ।

ਮਾਰਗ ਧਰਮ ਦਾ ਸੱਚ ਪਕੜ ਰਸਤਾ, ਸੰਤਾਂ ਲੋਕ-ਪਰਲੋਕ ਸਿਧਾਰਿਆ ਈ।

ਸੀਤਲਵੰਤ ਸੁਭਾਵ ਦੇ ਹੋਇ ਰਹਿੰਦੇ, ਵਿਚੋਂ ਕਾਮ-ਕ੍ਰੋਧ ਨੂੰ ਮਾਰਿਆ ਈ।

ਘੋੜੀ ਵਾਸ਼ਨਾ ਗਿਆਨ ਲਗਾਮ ਦੇਕੇ, ਉਤੇ ਚਿਤ ਅਸਵਾਰ ਨੂੰ ਚਾੜ੍ਹਿਆ ਈ।

ਗਿਆਨ ਰਬਟੀਆਂ ਰੋਂਦ ਦੇ ਦੇਵਣੇ ਨੂੰ, ਵਿੱਚ ਪਿੰਡ ਸਰੀਰ ਦੇ ਵਾੜਿਆ ਈ।

ਕੁੱਤਾ ਲੋਭ ਦਾ ਕੱਢਿਆ ਪਿੰਡ ਵਿਚੋਂ, ਜੀਨੇ ਸਗਲ ਜਗਤ ਨੂੰ ਦਾੜਿਆ ਈ।

ਮਨ ਬਾਜ ਤੇ ਚਿੜੀਆਂ ਕੁਹਾਣ ਵਾਲਾ, ਪਕੜ ਗਿਆਨ ਦੇ ਪਿੰਜਰੇ ਤਾੜਿਆ ਈ।

ਘੋੜਾ ਨਫ਼ਸ ਬਦਕਾਰ ਜਦ ਅੜੀ ਕਰਦਾ, ਚੱਕ ਕੋਟਲਾ ਗਿਆਨ ਦਾ ਮਾਰਿਆ ਈ।

ਮੈਲ਼ੇ ਚੋਲੜੇ ਦਿਲ ਦੇ ਕੱਪੜੇ ਨੂੰ, ਲਾ ਕੇ ਨਾਮ ਦਾ ਸਾਬਨ ਨਿਖਾਰਿਆ ਈ।

ਕਿਤੇ ਵੱਖਰੇ ਬੈਠ ਅਭਿਆਸ ਕਰਦੇ, ਦਸਵੇਂ-ਦਵਾਰ ਸੁਆਸ ਨੂੰ ਚਾੜ੍ਹਿਆ ਈ।

ਦੋਹ ਉਪਰਲੇ ਹੇਠਲੇ ਸਵਾਸ ਨੂੰ ਜੀ, ਸੋਹੰ ਸ਼ਬਦ ਦਾ ਜਾਪ ਉਚਾਰਿਆ ਈ।

ਵਿੱਚੋਂ ਕਢਕੇ ਭਰਮ-ਦੁਐਤ ਨੂੰ ਜੀ, ਨਜ਼ਰ ਏਕ ਹੀ ਬ੍ਰਹਮ ਵਿਚਾਰਿਆ ਈ।

ਮਰਨ-ਜੀਊਣ ਨੂੰ ਜਾਣਿਆਂ ਇੱਕ ਜੇਹਾ, ਦਿਲੋਂ ਖ਼ਤਰਾ ਖੌਫ਼ ਉਤਾਰਿਆ ਈ।

ਛੱਡ ਖ਼ੁਦੀ ਗੁਮਾਨ ਤਕੱਬਰੀ ਨੂੰ, ਅੱਗੇ ਮਰਨ ਤੋਂ ਆਪ ਨੂੰ ਮਾਰਿਆ ਈ।

ਕਾਇਆ ਸਾਰ ਕੀ ਨਾਮ ਸੋਖਦੀ ਨਾ, ਜਰਮ-ਜਰਮ ਦਾ ਰੋਗ ਉਤਾਰਿਆ ਈ।

ਦੇਵਾ ਸਿੰਘ ਬਹਾਰ ਬਲਿਹਾਰ ਸੰਤਾਂ, ਆਪ ਉਧਰੇ ਕੁੱਲ ਉਧਾਰਿਆ ਈ।

📝 ਸੋਧ ਲਈ ਭੇਜੋ