ਐੜਾ ਕਹੇ ਆਖਰ ਪੱਛੋਤਾਵਸਨਗੇ, ਜਿਹੜੇ ਜੱਗ ਤੇ ਆਣ ਮਗ਼ਰੂਰ ਹੋ ਗਏ ।
ਜਿਹੜੇ ਜਾਲ ਸ਼ੈਤਾਨ ਦੇ ਵਿਚ ਕਾਬੂ, ਸੋਈ ਰੱਬ ਦੀ ਮਜਲਸੋਂ ਦੂਰ ਹੋ ਗਏ ।
ਤਿੰਨ੍ਹਾਂ ਨੇਕ ਹਦੈਤ ਕੀ ਆਖਦੀ ਏ, ਦਿਲ ਜਿਨ੍ਹਾਂ ਦੇ ਸਖ਼ਤ ਮਨੂਰ ਹੋ ਗਏ ।
ਜਿਨ੍ਹਾਂ ਵਿਚ ਹੈ ਕਪਟ-ਕ੍ਰੋਧ ਭਾਰੀ, ਤਮੋ-ਗੁਣੀ ਦੇ ਨਾਲ ਤੰਦੂਰ ਹੋ ਗਏ ।
ਪਾਈ ਜਿਨ੍ਹਾਂ ਤਾਲੀਮ ਹੈ ਮੁਰਸ਼ਦਾਂ ਤੋਂ, ਮਿਠੇ ਜੀਭ ਦੇ ਲਫ਼ਜ਼ ਅੰਗੂਰ ਹੋ ਗਏ।
ਜਿਨ੍ਹਾਂ ਦਿਲੋਂ ਲਾਹਕੇ ਦੂਈ ਦੂਰ ਕੀਤੀ, ਰੱਬ ਜਾਨ ਕੇ ਰੱਬ ਦਾ ਨੂਰ ਹੋ ਗਏ ।
ਇਸ਼ਕ ਅਰਸ਼ ਤੇ ਚੜ੍ਹੇ ਸੋ ਵੜੇ ਬਹਿਸ਼ਤੀਂ, ਡਿੱਗ ਪਏ ਜਿਹੜੇ ਚਕਨਾ-ਚੂਰ ਹੋ ਗਏ ।
ਨੈਣੀ ਜਿਨ੍ਹਾਂ ਨੇ ਪਾ ਲਿਆ ਗਿਆਨ-ਅੰਜਨ, ਦਰਸ਼ਨ ਯਾਰ ਦੇ ਨਾਲ ਭਰਪੂਰ ਹੋ ਗਏ।
ਜਿਨ੍ਹਾਂ ਨਾਲ ਮਹਿਬੂਬ ਦੇ ਵਸਲ ਕੀਤਾ, ਅਮਲ ਪੀਤਿਆਂ ਬਾਝ ਮਖ਼ਮੂਰ ਹੋ ਗਏ ।
ਐਨਲ-ਹੱਕ ਨ ਆਖਣੋ ਹਟੇ ਜਿਹੜੇ, ਕੀਤੀ ਮੌਤ ਮਨਜ਼ੂਰ ਮਨਸੂਰ ਹੋ ਗਏ।
ਮੋਏ ਪਹਿਲਾਂ ਹੀ ਮਰਨ ਤੋਂ ਜੀਂਵਦੇ ਹੀ, ਪੀਕੇ ਆਬਹਯਾਤ ਮਾਮੂਰ ਹੋ ਗਏ ।
ਆਤਮ-ਸ਼ਾਂਤੀ, ਦਿਲੋਂ ਪ੍ਰਸੰਨ ਹੋ ਗਏ, ਜਿਹੜੇ ਰੱਬ ਦੇ ਖ਼ਾਸ ਮਜ਼ਦੂਰ ਹੋ ਗਏ ।
ਕਿਸ਼ਤੀ ਸਿਦਕ-ਈਮਾਨ ਦੀ ਵਿਚ ਬੈਠੇ, ਖ਼ਲਕ-ਬਹਿਰ ਅਮੀਕ ਅਬੂਰ ਹੋ ਗਏ।
ਠੰਡੀ ਪੌਣ ਬਹਿਸ਼ਤ ਦੀ ਮੋਮਨਾਂ ਨੂੰ, ਕਾਫ਼ਰ ਕੁਫ਼ਰ ਵਾਲੇ ਬੇ-ਸ਼ਊਰ ਹੋ ਗਏ।
ਤੋਬਾ ਇਸਤਗ਼ੱਫ਼ਾਰ ਕਹੁ ਦਯਾ ਸਿੰਘਾ, ਭਾਰੀ ਤੁੱਧ ਤੋਂ ਸਖ਼ਤ ਕਸੂਰ ਹੋ ਗਏ।