ਐਵੇਂ ਦਿਲ ਤੇ ਲੱਗੇ ਹੋਏ

ਐਵੇਂ ਦਿਲ ਤੇ ਲੱਗੇ ਹੋਏ ਫੱਟ ਵਖਾ ਕੇ ਲੋਕਾਂ ਨੂੰ।

ਕੀ ਖੱਟਿਆ ਮੈਂ ਆਪਣੇ ਦਿਲ ਦੇ ਦਰਦ ਸੁਣਾ ਕੇ ਲੋਕਾਂ ਨੂੰ।

ਔਖੇ ਵੇਲੇ ਅੱਖ ਚੁਰਾ ਕੇ ਆਪਣੇ ਵੀ ਲੰਘ ਜਾਂਦੇ ਨੇ,

ਤੇਰੀ ਕਸਮੇ ਵੇਖ ਲਿਆ ਏ ਮੈਂ ਅਜ਼ਮਾ ਕੇ ਲੋਕਾਂ ਨੂੰ।

ਅਜ਼ਲ ਤੋਂ ਉਹੋ ਮੰਨ ਵਿਚ ਵਸਿਆ, ਉਹਦਾ ਨਾਂ ਪਈ ਜਪਨੀ ਆਂ,

ਉਹਦਾ ਮੰਨ ਮੈਂ ਰਾਜ਼ੀ ਰੱਖਿਆ, ਨਿੱਤ ਰੁੱਸਾ ਕੇ ਲੋਕਾਂ ਨੂੰ।

ਹੀਰਾਂ ਸੱਸੀਆਂ ਸੋਹਣੀਆਂ ਰੁਲੀਆਂ ਪੀ ਪੀ ਮੋਹਰੇ ਹਿੱਜਰਾਂ ਦੇ,

ਕੀ ਲੱਭਾ ਏ ਇਸ਼ਕੇ ਵਿਚ ਡਫੇੜੇ ਪਾ ਕੇ ਲੋਕਾਂ ਨੂੰ।

ਤੂੰ ਜੇ ਮਿਲ ਜਾਵੇਂ ਤੇ ਸਾਨੂੰ ਕਾਹਦੀ ਲੋੜ ਏ ਦੁਨੀਆ ਦੀ,

ਆਪਾਂ ਦੋਵੇਂ ਜੀ ਲਾਂਗੇ ਫ਼ਿਰ ਛੱਡ ਛੁਡਾ ਕੇ ਲੋਕਾਂ ਨੂੰ।

ਗ਼ਰਜ਼ਾਂ ਵਾਲਾ ਭਾਂਬੜ ਵੇਖੋ ਲੋਭ ਨੇ ਕਿੰਜ ਧੁਖਾਇਆ ਏ,

ਲੋਕੀ ਪੂਜੀ ਜਾਂਦੇ ਕਿਵੇਂ ਬੁੱਤ ਬਣਾ ਕੇ ਲੋਕਾਂ ਨੂੰ।

ਸੁਗ਼ਰਾ ਅੱਖਰ ਨੀਲੇ ਪੇ ਗਏ ਗ਼ਜ਼ਲਾਂ ਨੇ ਵਿਸ ਘੋਲਦੀਆਂ,

ਲੋਕੀ ਕਿਸਰਾਂ ਸੌਂ ਜਾਂਦੇ ਨੇਂ ਜ਼ਹਿਰ ਪਿਆ ਕੇ ਲੋਕਾਂ ਨੂੰ।

٭٭٭ 

ਜ਼ੁਲਮ ਨੇ ਕਾਲੇ ਕੰਬਲ ਵਾਂਗੂੰ ਬੁੱਕਲ ਮਾਰੀ ਹੋਈ ਏ।

ਚਾਰ ਚੁਫ਼ੇਰੇ ਵਹਿਸ਼ਤ ਨੇ ਇਕ ਕੰਧ ਉਸਾਰੀ ਹੋਈ ਏ।

ਸੂਝ ਦੇ ਦਰਿਆ ਅੰਦਰ ਟੁੱਭੀ ਮਾਰ ਸੱਦਫ਼ ਮੈਂ ਕੱਢਾਂ,

ਅੱਥਰੂ ਜਿਹੜੇ ਅੱਖੀਆਂ ਵਿਚ ਨੇ ਉਹ ਮੋਤੀ ਕਰ ਛੱਡਾਂ।

 

٭٭٭ 

ਦੀਵੇ ਦੀ ਬਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ।

ਕਸਮੇਂ  ਹਯਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ।

ਸੱਜਣਾਂ ਨਾਲ਼ ਨਾ ਮਿਲਣੇ ਦਾ ਇਕ ਦੁੱਖ ਰਹਿ ਜਾਂਦਾ ਏ,

ਇਹ ਰੁੱਤ ਬਰਸਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ।

٭٭٭ 

📝 ਸੋਧ ਲਈ ਭੇਜੋ