ਅੱਖ ਨਿਮਾਣੀ ਸੁੰਝਮ ਸੁੰਝੀ

ਅੱਖ ਨਿਮਾਣੀ ਸੁੰਝਮ ਸੁੰਝੀ, ਖ਼ਾਲੀ ਪੱਲੇ ਹੋਏ।

ਸੁਫ਼ਨੇ ਵੇਚਣ ਵਾਲਿਆਂ ਪਿੱਛੇ ਨੱਸ ਨੱਸ ਝੱਲੇ ਹੋਏ।

ਉਹਦੇ ਵਲੇ ਤਖ਼ਤ ਮੁਰਾਦਾਂ, ਸਿ਼ਮਲੇ, ਚਾਨਣ, ਰੋਜ਼ੀ,

ਫਿ਼ਕਰਾਂ, ਭੁੱਖਾਂ ਤੇ ਜਗਰਾਤੇ ਸਾਡੇ ਵੱਲੇ ਹੋਏ।

ਵੇਖ ਰਹੀ ਆਂ ਅੱਜ ਨਵਾਂ ਈ ਇਕਲਾਪੇ ਦਾ ਰੰਗ,

ਇੱਕੋ ਘਰ ਦੇ ਸਾਰੇ ਜੀਅ ਨੇਂ ਕੱਲੇ ਕੱਲੇ ਹੋਏ।

 

ਰੋਟੀ ਦੀ ਥੁੱੜ ਹੈ ਤੇ ਛੱਲਾ ਪਿਤਲ ਦਾ ਮੁੱਲ ਪਿਤਲ,

ਚੁਲ੍ਹੇ ਦੇ ਵਿਚ ਪਾਵਾਂ ਤੇਰੇ ਤੁਹਫ਼ੇ ਘੱਲੇ ਹੋਏ।

ਬਾਰੀ ਖੋਲ ਕੇ ਵੇਖੀ ਜਾਵਾਂ ਜਿੰਨ ਫਿਰਿਆ ਏ ਕੋਈ,

ਖ਼ੌਫ਼ ਦੇ ਹੱਥੋਂ ਕਿਸਰਾਂ ਖ਼ਾਲੀ ਗਲੀ ਮੁਹੱਲੇ ਹੋਏ।

ਉਹ ਕਹਿੰਦਾ ਸੀ ਮੇਰੀ ਗੱਲ ਤੇ ਈ ਭਰਵਾਸਾ ਰੱਖੀਂ,

ਕੰਮ ਸਵੱਲੇ ਹੋ ਜਾਵਣਗੇ, ਕੰਮ ਸਵੱਲੇ ਹੋਏ।

ਹੁੱਕਾ ਠੰਡਾ ਹੋ ਜਾਵਣ ਤੇ ਜੁੱਸਾ ਵਿੰਨ੍ਹਣ ਵਾਲਾ,

ਚਾਹੁੰਦਾ ਏ ਕਿ ਹਰ ਥਾਂ ਉਹਦੀ ਬੱਲੇ ਬੱਲੇ ਹੋਏ।

ਸਾਥੋਂ ਕੌਮ ਦੀ ਗ਼ੈਰਤ ਬਾਰੇ ਪੁੱਛਣ ਵਾਲੇ ਲੋਕੀ,

ਇਹ ਨਹੀਂ ਪੁੱਛਦੇ ਆਗੂ ਸਾਡੇ ਕਿੰਝ ਨਗੱਲੇ ਹੋਏ।

ਦਿਲ ਦੇ ਵਿਹੜੇ ਗਾਉਣ ਖ਼ੁਸ਼ੀ ਦੇ ਕੀ ਸੁਗ਼ਰਾ ਨੇ ਗਾਉਣੇ,

ਤਿੱਖੇ ਤੀਰ ਜੁਦਾਈਆਂ ਵਾਲੇ ਰੂਹ ਤੇ ਚੱਲੇ ਹੋਏ।

📝 ਸੋਧ ਲਈ ਭੇਜੋ