ਪੈਰੋਂ ਨੰਗੇ ਬੱਚੇ ਨੂੰ ਅਮਨ ਚਾਹੀਦਾ ਹੈ
ਸੱਖਣੇ ਪੇਟ ਅਤੇ ਨੰਗੇ ਧੜ ਨੂੰ ਵੀ
ਜੰਗ ਦੇ ਖਿਡੌਣੇ ਤੋਂ
ਉਸ ਨੇ ਕੀ ਕਰਵਾਉਣਾ ਹੈ
ਲਾਸ਼ਾਂ ਦਾ ਵਣਜ ਕਦੇ ਵੀ
ਉਸ ਲਈ
ਰੋਟੀ ਨਹੀਂ ਬਣਨਾ
ਤੇ ਨਾ ਹੀ ਕੱਪੜਾ ਬਣਨਾ ਹੈ
ਨਾ ਪੈਰਾਂ ਦੀ ਜੁੱਤੀ
ਮੇਰੀ ਮਾਂ ਅਤੇ
ਹਰ ਬਿਰਧ ਬਾਪ ਨੂੰ ਅਮਨ ਚਾਹੀਦਾ ਹੈ
ਮੇਰੀਆਂ ਭੈਣਾਂ ਤੇ ਵੀਰਾਂ ਨੂੰ ਵੀ
ਹਰ ਜਿਉਂਦੇ ਆਦਮੀ ਤੇ ਔਰਤ ਨੂੰ ਵੀ।
ਅਮਨ ਚਾਹੀਦਾ ਹੈ
ਜੰਗ ਦੀ ਭੱਠੀ ਵਿੱਚ,
ਪੁੱਤਰ ਝੋਕ-ਝੋਕ ਕੇ,
ਅੱਜ ਤੱਕ ਕਿਸੇ ਨੂੰ
ਕਦੇ ਕੁਝ ਨਹੀਂ ਮਿਲਿਆ!