ਅੰਬਰਾਂ ਤੋਂ ਪਾਰ ਚਾਹੇ

ਅੰਬਰਾਂ ਤੋਂ ਪਾਰ ਚਾਹੇ ਯਾਰ ਤੂੰ ਪਰਵਾਜ਼ ਰੱਖੀਂ

ਹੋਣ ਬਸ ਮੇਰੇ ਲਈ ਜੋ, ਸਾਂਭ ਕੇ ਉਹ ਰਾਜ਼ ਰੱਖੀਂ

ਹਾਦਸੇ ਅਸ਼ਲੀਲ ਤੈਨੂੰ ਕਰਨਗੇ ਰਾਹ ਵਿਚ ਇਸ਼ਾਰੇ

ਤੂੰ ਸਦਾ ਗ਼ੁਸਤਾਖ਼ ਨਜ਼ਰਾਂ ਨੂੰ ਨਜ਼ਰ ਅੰਦਾਜ਼ ਰੱਖੀਂ

ਜੇ ਕਿਸੇ ਗੱਲੋਂ ਗਿਲਾ ਹੋਇਆ ਤਾਂ ਮੈਨੂੰ ਸਾਫ਼ ਆਖੀਂ

ਮੀਸਣੀ ਮੁਸਕਾਨ ਓਹਲੇ ਦਿਲ ’ਚ ਨਾ ਇਤਰਾਜ਼ ਰੱਖੀਂ

ਨਾਅਰਿਆਂ ਦੇ ਸ਼ੋਰ ਅੰਦਰ ਜੇ ਪਿਆ ਜਾਣਾ ਤਾਂ ਜਾਵੀਂ

ਰਾਤ ਨੂੰ ਮੇਰੇ ਲਈ ਪਰ ਤੂੰ ਮਧੁਰ ਆਵਾਜ਼ ਰੱਖੀਂ

ਨਖ਼ਰਿਆਂ ਦੀ ਲੋੜ ਜੇਕਰ ਪੈ ਗਈ ਤਾਂ ਕਰ ਲਈਂ ਪਰ

ਸਿਰਫ਼ ਜੋ ਮੇਰੇ ਲਈ ਨੇ ਉਹ ਨ ਕਿਧਰੇ ਨਾਜ਼ ਰੱਖੀਂ

ਬੇਸ਼ਰਮ ਗੱਲਾਂ ’ਚ ਹੈ ਮਹਿਫ਼ਿਲ ਬੜੀ ਮਸਰੂਫ਼ ਹਾਲੇ

ਗੀਤ ਮੇਰੇ ਦੇ ਸਿਰ੍ਹਾਣੇ ਤੂੰ ਅਜੇ ਨਾ ਸਾਜ਼ ਰੱਖੀਂ

📝 ਸੋਧ ਲਈ ਭੇਜੋ