ਮੇਰੀ ਅੰਬੜੀ ਦਾ ਵਿਹੜਾ ਨੀ
ਮੇਰੇ ਬਾਬਲ ਦਾ ਵਿਹੜਾ ਨੀ
ਕੇਹਾ ਸੋਹਣਾ ਵਿਹੜਾ ਸੀ
ਵਿਆਹ ਗੁੱਡੀਆਂ ਦੇ ਕੀਤੇ ਸੀ
ਗੀਟੇ ਵੀ ਖੇਡੇ ਸੀ
ਵੀਰੇ ਨਾਲ ਲੜਦੀ ਸੀ
ਫਿਰ ਮੇਰੀ ਵਾਰੀ ਸੀ
ਫਿਰ ਤੇਰੀ ਵਾਰੀ ਸੀ।
ਪੌਣਾਂ ਨੇ ਰੁਖ਼ ਬਦਲੇ
ਚੱਲੀਆਂ ਨੇ ਹਵਾਵਾਂ ਨੀ
ਬਿਨ ਗਲਪੀ ਗਈ
ਪੱਛੋਂ ਤੋਂ ਚੜ੍ਹੀਆਂ ਨੀ
ਨਫ਼ਰਤ ਦੀ ‘ਨੇਰ੍ਹੀ ਨੀ'
ਮਨੁੱਖ ਦੀ ਗੈਰਤ ਨੀ
ਮੇਰੇ ਵੀਰ ਦਾ ਚੀਰਾ ਨੀ
ਹੋਇਆ ਲਹੂ ਲੁਹਾਣ ਨੀ
ਆਈ ਮਕਾਣ ਨੀ
ਇਹ ਕੀਹਦਾ ਕਾਰਾ ਨੀ
ਇਹ ਪਰਬਤੋਂ ਭਾਰਾ ਨੀ।
ਮੇਰੀ ਇਕ ਅਰਜ਼ੋਈ ਨੀ
ਮੇਰੇ ਗੁੱਡੀਆਂ ਪਟੋਲੇ ਨੀ
ਮੈਨੂੰ ਵਾਪਿਸ ਦੇ ਦਿਉ ਨੀ
ਸੌਂ ਜਾਓ ਹਵਾਓ ਨੀ
ਸਬਰਾਂ ਦਾ ਘੁੱਟ ਭਰਕੇ
ਮੈਂ ਬੈਠੀ ਰਹਿ ਗਈ ਨੀ
ਮੇਰੀ ਅੰਬੜੀ ਦਾ ਵਿਹੜਾ ਨੀ
ਮੇਰੇ ਬਾਬਲ ਦਾ ਵਿਹੜਾ ਨੀ
ਹੁਣ ਸੱਖਣ-ਮ-ਸੱਖਣਾ ਨੀ