ਅੰਬਰਾਂ ਦੀ ਗਾਨੀ

ਸੂਹੇ ਸੋਹਲ ਪੋਟਿਆਂ ‘ਚੋਂ, ਨਾਭੀ ਰਾਗ ਛਿੜਦਾ

ਆਠਰੀ ਪਹਾੜੀ ਵਿੱਚੋਂ, ਲਦੁੱਧੀ-ਨੀਰ ਗਿੜ੍ਹਦਾ

ਕਿਤੇ ਨੇਜ਼ਿਆਂ ਦੀ ਅਣੀ, ਨਾਲ਼ ਸੀਨਾ ਭਿੜ੍ਹਦਾ

ਮਹਿੰਦੀ-ਵੇਦਨਾ ਦੀ ਰੁੱਤੇ, ਸੁੱਚਾ ਪਿਆਰ ਖਿੜ੍ਹਦਾ।

ਚੰਡੀ ਫ਼ਿਕਰਾਂ ਦੀ ਫ਼ਾਲ਼ੀ, ਚੀਰਦੀ ਸਰੀਰ ਨੂੰ

ਗਮ, ਗੁੱਸੇ ਦੀ ਸਿਓਂਕ, ਲੱਗ ਗਈ ਸ਼ਤੀਰ ਨੂੰ

ਫਲ਼ੇ ਵਾਸ਼ਨਾ ਦਾ ਰੁੱਖ, ਰੁੱਤਾਂ ਜੇ ਕੁਪੱਤੀਆਂ

ਰਹੇ ਬਾਲ਼ਦਾ ਹਨ੍ਹੇਰੇ ‘ਚ, ਪਿਆਜ਼ੀ ਬੱਤੀਆਂ

ਇਹਦਾ ਨਹੀਂ ਭਰੋਸਾ, ਭਾਵੇਂ ਮੁੱਕ ਜਾਵੇ ਬੋਸਾ

ਨਹੀਂ ਕਰੀਂਦਾ ਵਸਾਹ, ਕਦੇ ਘਾਹ ਦੀ ਤਿੜ੍ਹ ਦਾ।

ਸਾਵੇ ਪੱਤਿਆਂ ‘ਚੋਂ ਮੋਤੀ, ਤਿੱਪ-ਤਿੱਪ ਕਿਰਦੇ

ਜਿਵੇਂ ਰੋਂਦੇ ਹੋਏ ਜੁਆਕ, ਹੌਲ਼ੀ-ਹੌਲ਼ੀ ਬਿਰਦੇ

ਨੀਲੇ ਅੰਬਰਾਂ ਦੇ ਗਲ਼, ਗਾਨੀ ਸੱਤ ਰੰਗ ਦੀ

ਕਿਤੇ ਕੁਆਰੀ ਨਦੀ, ਕੇਸਰੀ-ਸੰਧੂਰ ਮੰਗਦੀ

ਨਹੀਂ ਹਿਜ਼ਰਾਂ ਦੇ ਨਾਲ਼, ਹੁੰਦਾ ਇਸ਼ਕ ਖ਼ਫ਼ਾ

ਲੱਖ ਸੰਜਮਾਂ ਦੇ ਉੱਤੇ, ਭਾਵੇਂ ਕਾਮ ਚਿੜਦਾ।

📝 ਸੋਧ ਲਈ ਭੇਜੋ