ਅੰਮ੍ਰਿਤਾ ਦੇ ਨਾਂ

ਉੱਠ ਵੇਖ ਨੀ ! ਅੰਮ੍ਰਿਤ ਬੀਬੀਏ 

ਤੇਰਾ ਰੁੱਸਿਆ ਫਿਰੇ ਪੰਜਾਬ 

ਕਿਵੇਂ ਪੱਤੀ-ਪੱਤੀ ਹੋ ਰਿਹੈ 

ਇਹ ਡਾਢਾ ਸੁਰਖ਼ ਗੁਲਾਬ 

ਹੋਈ ਵੈਰਨ ਮਿੱਟੀ ਆਪਣੀ 

ਕਿੱਥੇ ਇਸ਼ਕ ਦੀ ਗਈ ਕਿਤਾਬ 

ਇਹ ਬਾਬ ਕਿਹੜਾ, ਤਵਾਰੀਖ ਦਾ 

ਜਿਹਦਾ ਏਨਾ ਵਕਤ ਖ਼ਰਾਬ 

ਖੁਸ਼ੀਆਂ ਤੇ ਹਾਸੇ ਭੁੱਲ ਗਏ 

ਭੁੱਲ ਗਏ ਨੇ ਅਦਬ-ਅਦਾਬ 

ਇਹ ਦੋਸ਼ ਕਿਹਦੇ ਸਿਰ ਮੜ੍ਹ ਦਈਏ 

ਤੂੰ ਆਪੇ ਕਰੀਂ ਹਿਸਾਬ 

ਬਣ ਗਏ ਨੇ ਦੋਖੀ ਆਪਣੇ 

ਪਾਈ ਫਿਰਦੇ ਸੱਭ ਨਕਾਬ 

ਇਹ ਖੇਡ ਕਦੋਂ ਤਕ ਚੱਲਣੀ 

ਨਹੀਂ ਲੱਭਦਾ ਪਿਆ ਜਵਾਬ 

ਉੱਠ ਵੇਖ ਨੀ ! ਅੰਮ੍ਰਿਤ ਬੀਬੀਏ 

ਤੇਰਾ ਰੁੱਸਿਆ ਫਿਰੇ ਪੰਜਾਬ 

ਕਿਵੇਂ ਪੱਤੀ-ਪੱਤੀ ਹੋ ਰਿਹੈ 

ਇਹ ਡਾਢਾ ਸੁਰਖ਼ ਗੁਲਾਬ

📝 ਸੋਧ ਲਈ ਭੇਜੋ