ਆਪਣੇ ਪੰਜਾਬ ਨੂੰ ਸਮ੍ਹਾਲ ਓ ਪੰਜਾਬੀਆ
ਦੇਖ ਮੰਦਾ ਹੋਇਆ ਇਹਦਾ ਹਾਲ ਓ ਪੰਜਾਬੀਆ।
ਬੜੇ ਘਰਾਂ ਦੇ ਪੁੱਤ ਲਾਡਲੇ ਕੰਮ ਨੂੰ ਹੱਥ ਨਾ ਲਾਉਂਦੇ
ਦਿਨ ਨੂੰ ਸੜਕਾਂ ਨਾਪਣ ਰਾਤੀ ਘੁੱਟ ਲਾ ਕੇ ਨੇ ਸਾਉਂਦੇ
ਮੁੰਡੇ ਖਾਣ ਜੈਹਰ ਦੀਆਂ ਪੁੜੀਆਂ ਅੱਜਕਲ੍ਹ ਮਾਡਲ ਬਣੀਆਂ ਕੁੜੀਆਂ
ਕੀਤਾ ਨਸ਼ਿਆਂ ਨੇ ਸਭ ਨੂੰ ਬੇਹਾਲ ਓ ਪੰਜਾਬੀਆ।
ਅਜਕਲ ਦੇ ਹੀਰਾਂ ਤੇ ਰਾਂਝੇ ਰੰਗ ਫਿਲਮਾਂ ਦੇ ਰੰਗੇ
ਜਾ ਕੇ ਵਿਚ ਕਲੱਬਾਂ ਨੱਚਣ ਇਹ ਹੋ ਕੇ ਅੱਧ-ਨੰਗੇ
ਮੁੰਡੇ ਕੁੜੀਆਂ ਨੇ ਬੇਕਾਬੂ ਕੀਤਾ ਅੱਜ ਡਿਸਕੋ ਨੇ ਜਾਦੂ
ਭੁੱਲੇ ਆਪਣਾ ਇਹ ਵਿਰਸਾ ਕਮਾਲ ਓ ਪੰਜਾਬੀਆ।
ਮੰਨਿਆ ਤੈਂ ਅਮ੍ਰੀਕਾ ਜਾ ਕੇ ਡਾਲਰ ਖੂਬ ਕਮਾਏ
ਪਰ ਤੇਰੀ ਇਸ ਧਰਤੀ ਉਤੇ ਬੈਹਿ ਗਏ ਲੋਕ ਪਰਾਏ
ਭੁੱਖੇ ਮਰਨ ਜ਼ਮੀਨਾਂ ਵਾਲੇ ਲੱਗੇ ਅੱਜ ਘਰਾਂ ਨੂੰ ਤਾਲੇ
ਦੱਬੇ ਵੀਰ ਤੇਰੇ ਕਰਜ਼ੇ ਦੇ ਨਾਲ ਓ ਪੰਜਾਬੀਆ।
ਬੁੱਲ੍ਹੇਸ਼ਾਹ ਨਾਨਕ ਦੀ ਧਰਤੀ ਤੈਨੂੰ ਅੱਜ ਪੁਕਾਰੇ
ਭਗਤ ਸਿੰਘ ਦੀ ਰੂਹ ਪਈ ਤੈਨੂੰ ਅੱਜ ਅਵਾਜ਼ਾਂ ਮਾਰੇ
ਕਿੱਥੇ ਗਈ ਤੇਰੀ ਸਰਦਾਰੀ। ਤੇਰੀ ਮੱਤ ਡਾਲਰਾਂ ਨੇ ਮਾਰੀ
ਆਜਾ ਕੱਟ ਕੇ `ਆਜ਼ਾਦ` ਮਾਇਆ ਜਾਲ ਓ ਪੰਜਾਬੀਆ।