ਅਰਾਧਨਾ

ਰਿਸ਼ੀਆਂ ਨੇ ਜੋ ਸੀ ਰਚਿਆ ਗੁਰੂਆਂ ਨੇ ਜੋ ਸੀ ਦਸਿਆ 

ਅੱਜ ਅਚਾਨਕ ਇਲਮ ਦਾ ਅੰਦਰ ਕੋਈ ਮੀਂਹ ਹੈ ਵਸਿਆ 

ਵੇਦ ਵੀ ਸਭ ਵਹਿਮ ਨੇ ਉਲਝੇ ਵੀ ਪਏ ਭਗਵਾਨ ਨੇ 

ਕਿਤੋਂ ਤੋੜਦੇ ਕਿਤੇ ਜੋੜਦੇ ਕਿੰਝ ਦੇ ਇਹ ਸਭ ਪੁਰਾਨ ਨੇ 

ਕਰਨਾ ਨਾ ਕੋਈ ਉਪਦੇਸ਼ ਮੈਂ ਹੋਣਾ ਕਿਸੇ ਦਾ ਰਾਮ ਨਾ 

ਕੋਈ ਨਾ ਦਾਅਵਾ ਸੱਚ ਦਾ ਮੈਂ ਕਿਸੇ ਦਾ ਸ਼ਾਮ ਨਾ 

ਧੋਖਾ ਨਾ ਪੂਜਾ ਪਾਠ ਦਾ ਨਾ ਕੋਈ ਲਾਰਾ ਧਰਮ ਦਾ 

ਮੈਂ ਮਿਲਾਵਾਂ ਰੱਬ ਨੂੰ ਦਾਅਵਾ ਨਾ ਐਸੇ ਭਰਮ ਦਾ 

ਮਿੱਟੀ ਨੇ ਸਭ ਕੁੱਝ ਸਿਰਜਿਆ ਮਿੱਟੀ ਨੇ ਸਭ ਸਮੇਟਣਾ 

ਮਿੱਟੀ ਨੇ ਮਹਿਰਮ ਬਖਸ਼ਣਾ ਮਿੱਟੀ ਨੇ ਦੁੱਖ ਸੁੱਖ ਵੇਖਣਾ 

ਇਹ ਹੁਸਨ ਜੋ ਇਹ ਨਕਸ਼ ਨੇ ਨੈਣਾਂ ਦਾ ਜੇਹੜਾ ਨੂਰ ਹੈ 

ਕੋਈ ਕਿਸੇ ਦੇ ਪਾਸ ਹੈ ਕੋਈ ਕਿਸੇ ਤੋਂ ਦੂਰ ਹੈ

ਕਿਧਰੇ ਤਿਆਰੀ ਜਾਣ ਦੀ ਕਿਧਰੇ ਮਿਲਣ ਦੀ ਆਸ ਹੈ 

ਕੋਈ ਕੋਲ ਰਹਿ ਕੇ ਦੂਰ ਹੈ ਕੋਈ ਦੂਰ ਰਹਿ ਕੇ ਪਾਸ ਹੈ 

ਕਿਧਰੇ ਹੈ ਮਾਣ ਅਕਲ ਦਾ ਕਿਧਰੇ ਹੁਸਨ ਦਾ ਭਰਮ ਹੈ 

ਕਿਧਰੇ ਇਹ ਮਹਜਬ ਮਸਲਦਾ ਕਿਧਰੇ ਇਹ ਕਾਤਲ ਧਰਮ ਹੈ 

ਕਿਧਰੇ ਹੈ ਪਹਿਰਾ ਪਾਪ ਦਾ ਧੋਖਾ ਕਿਤੇ ਵਿਸ਼ਵਾਸ਼ ਦਾ 

ਮਾਵਾਂ ਦਾ ਕਿਧਰੇ ਮੋਹ ਹੈ ਕਿਧਰੇ ਡਰਾਵਾ ਬਾਪ ਦਾ 

ਕਿਤੇ ਰਸਮ ਹੈ ਕਿਤੇ ਰੋਕ ਹੈ ਬੰਧਨ ਨੇ ਕਿਤੇ ਸਮਾਜ ਦੇ 

ਕਈ ਜਾਗਦੇ ਵੀ ਸੌਂ ਰਹੇ ਕਈ ਸੁੱਤੇ ਹੋਏ ਵੀ ਜਾਗਦੇ 

ਇਹ ਸਾਰਾ ਅਡੰਬਰ ਜੀਣ ਦਾ ਹੈ ਮੌਤ ਤੀਕਰ ਜਾਣਦਾ 

ਚਲਦਾ ਰਹੇਗਾ ਸਿਲਸਿਲਾ ਕਿਤੋਂ ਆਉਣ ਦਾ ਕਿਤੇ ਜਾਣ ਦਾ

ਦੇਹੀ ਨੂੰ ਦੇਹੀ ਭੋਗਦੀ ਦੇਹੀ ਨੂੰ ਦੇਹੀ ਭਾਲਦੀ 

ਦੇਹੀ ਤੇ ਦਸਤਕ ਦੇਣ ਲਈ ਹੈ ਉਮਰ ਸਾਰੀ ਗਾਲਦੀ 

ਦੇਹੀ ਹੀ ਦੁੱਖ ਨੂੰ ਜੰਮਦੀ ਦੇਹੀ ਹੀ ਸੁੱਖ ਨੂੰ ਪਾਲਦੀ 

ਦੇਹੀ ਹੀ ਅੰਮ੍ਰਿਤ ਬਖਸ਼ਦੀ ਦੇਹੀ ਹੀ ਬਿਖ ਨਿਕਾਲਦੀ 

ਦੇਹੀ 'ਚ ਚੜਦਾ ਚੰਨ ਹੈ ਦੇਹੀ 'ਚ ਅੰਬਰ ਵਿਗਸਦੇ 

ਦੇਹੀ 'ਚ ਸੂਰਜ ਦਹਿਕਦਾ ਦੇਹੀ 'ਚ ਤਾਰੇ ਲਿਸ਼ਕਦੇ 

ਦੇਹੀ 'ਚ ਲੱਖ ਪਤਾਲ ਨੇ ਦੇਹੀ 'ਚ ਲੱਖ ਅਕਾਸ਼ ਨੇ 

ਦੇਹੀ ’ਚ ਪੈਦਾ ਹੋਏ ਸੀ ਦੇਹੀ 'ਚ ਹੋਣੇ ਨਾਸ ਨੇ 

ਦੇਹੀ 'ਚ ਸਿਮਰਨ ਸੁਰਤ ਦੀ ਦੇਹੀ 'ਚ ਸੁਰਤੀ ਸ਼ਾਇਰ ਦੀ 

ਦੇਹੀ ’ਚ ਦਾਰੂ ਦਰਦ ਦਾ ਮੰਨਤ ਹੈ ਸਭ ਦੇ ਖੈਰ ਦੀ 

ਦੇਹੀ ਦੇ ਦਰਬਾਰ 'ਚ ਹਾਜ਼ਰ ਹਮੇਸ਼ਾਂ ਹਰਫ ਨੇ 

ਸ਼ਬਦਾਂ ਦੇ ਸਰਵਰ ਨਹਾ ਕੇ ਹੁੰਦੇ ਪਵਿੱਤਰ ਅਰਥ ਨੇ 

ਦੇਹੀ ਮੇਰਾ ਕਰਮ ਹੈ ਦੇਹੀ ਹੀ ਮੇਰਾ ਧਰਮ ਹੈ 

ਦੇਹੀ ਦੇ ਅੰਦਰ ਧਰਮ ਹੈ ਬਾਹਰ ਸਭ ਕੁਛ ਭਰਮ ਹੈ 

ਦੇਹੀ ਨੇ ਜਦ ਤਕ ਵਿਚਰਨਾ ਰਹਿਣੀ ਮੇਰੀ ਆਵਾਜ਼ ਹੈ 

ਦੇਹੀ ਹੀ ਮੇਰੀ ਸੁਰ ਤੇ ਦੇਹੀ ਹੀ ਮੇਰਾ ਸਾਜ਼ ਹੈ 

ਮੇਰੀ ਨਾ ਕੋਈ ਮੇਨਕਾ ਮੈਂ ਵਿਸ਼ਵਾ ਮਿੱਤਰ ਹਾਂ ਨਹੀਂ 

ਅੰਦਰ ਹੀ ਮੇਰੇ ਧੁੱਪ ਹੈ ਬਾਹਰ ਕਿਧਰੇ ਛਾਂ ਨਹੀਂ 

ਨੌਂ ਦਰਵਾਜ਼ੇ ਜਿੰਦ ਦੇ ਰੱਖੇ ਉਮਰ ਭਰ ਖੋਹਲਕੇ 

ਥੋੜਾ ਗੁਆਇਆ ਸੁਣਕੇ ਬਹੁਤਾ ਗੁਆਇਆ ਬੋਲਕੇ 

ਮੜੀਆਂ ਮਸੀਤਾਂ ਪੂਜੀਆਂ ਭਗਤੀ ਦਾ ਬੜਾ ਗਰੂਰ ਸੀ 

ਪੱਥਰਾਂ 'ਚੋਂ ਪਾਣੀ ਭਾਲਿਆ ਦਸਵਾਂ ਦੁਆਰ ਦੂਰ ਸੀ 

ਹੋਇਆ ਅਚਾਨਕ ਮੇਲ ਮੁੜ ਮਿਲਿਆ ਮੈਂ ਆਪਣੇ ਆਪ ਨੂੰ 

ਦੇਹੀ ਨੇ ਸਭ ਤਿਆਗਿਆ ਹਰ ਪੁੰਨ ਨੂੰ ਹਰ ਪਾਪ ਨੂੰ 

ਨੂਰ ਦੀ ਇਕ ਕਣੀ ਨੇ ਕਣ ਕਣ 'ਚ ਚਾਨਣ ਬੀਜਿਆ

ਦੁਨੀਆਂ ਦੇ ਛੱਡ ਤਮਾਮ ਰੰਗ ਮੈਂ ਰੂਹ ਦੇ ਰੰਗ ਤੇ ਰੀਝਿਆ 

ਕੀਤਾ ਕਰਿਸ਼ਮਾ ਕਣ ਨੇ ਤਿਣਕੇ ਤੋਂ ਤਾਰਾ ਹੋ ਗਿਆ 

ਬਲਿਆ ਉਹ ਬਣ ਚਰਾਗ ਕੀ ਸੂਰਜ ਮੈਂ ਸਾਰਾ ਹੋ ਗਿਆ 

ਆਇਓ ਵੇ ਮੇਰੇ ਮਹਿਰਮੋਂ ਖੁਲ੍ਹਿਆ ਇਹ ਦਸਵਾ ਦੁਆਰ ਹੈ 

ਫੁੱਲ ਦੇਹੀ ਦਾ ਮਹਿਕਦਾ ਆਸਾਂ ਦੀ ਆਬਸ਼ਾਰ ਹੈ 

ਵਸਿਓ ਆਨੰਦ ਮਾਣਿਉਂ ਪ੍ਰਕਾਸ਼ ਹੀ ਪ੍ਰਕਾਸ਼ ਹੈ 

ਜੋ ਚਾਹੋਗੇ ਜੋ ਪਾਉਗੇ ਧਰਤ ਧਵਲ ਆਕਾਸ਼ ਹੈ 

ਸ਼ਬਦ ਸਮੁੰਦਰ ਸਹਿਜ ਹੈ ਅਰਥਾਂ ਦੀ ਕਰਿਉ ਭਾਲ ਵੇ 

ਸ਼ਾਇਰੀ ਦੇ ਮੋਤੀ ਲੱਭਿਓ ਸਾਗਰ ਨੂੰ ਦਿਉ ਹੰਗਾਲ ਵੇ 

ਸੁਰਤੀ ਹੈ ਮੇਰੀ ਬਿਖਰਦੀ ਮੈਨੂੰ ਵੀ ਰੱਖਿਉ ਨਾਲ ਵੇ 

ਬਿਰਤੀ ਹੈ ਮੇਰੀ ਬਿਖਰਦੀ ਮੈਂ ਅੰਝਾਣਾ ਬਾਲ ਵੇ 

ਛੱਡਕੇ ਨਾ ਕੱਲੇ ਜਾਵਣਾ ਜੰਗਲ ਸਰਾਪੀ ਸੋਚ ਦਾ 

ਸੱਚ ਖੰਡ ਨਾ ਮੈਨੂੰ ਚਾਹੀਦਾ ਜੀਵ ਹਾਂ ਮਾਤ ਲੋਕ ਦਾ 

ਮੈਨੂੰ ਵੀ ਜਰਾ ਕੁ ਦੱਸਣਾ ਜਿਥੇ ਕੁ ਰੂਹ ਦਾ ਰਾਜ ਹੈ 

ਜਿਥੇ ਕਥੂਰੀ ਜਿੰਦ ਦੀ ਜਿਥੇ ਕੁ ਅਨਹਦ ਨਾਦ ਹੈ 

ਮੈਨੂੰ ਨਾ ਮੁਕਤੀ ਚਾਹੀਦੀ ਮੈਨੂੰ ਨਾ ਭਗਤੀ ਚਾਹੀਦੀ 

ਮੈਨੂੰ ਨਾ ਸੋਭਾ ਚਾਹੀਦੀ ਮੈਨੂੰ ਨਾ ਸ਼ਕਤੀ ਚਾਹੀਦੀ 

ਮੇਰੀ ਤਾਂ ਇਹੋ ਅਰਾਧਨਾ ਮੇਰੀ ਤਾਂ ਇਹੋ ਰੀਝ ਹੈ 

ਜਿਥੇ ਕੁ ਸ਼ਾਇਰੀ ਵੱਸਦੀ ਰਹਿਣਾ ਮੈਂ ਉਹਦੇ ਕਰੀਬ ਹੈ 

ਮੇਰੇ ਲਈ ਸਗਲ ਸ੍ਰਿਸ਼ਟੀ ਸ਼ਾਇਰੀ ਦਾ ਸੁੰਦਰ ਸਰੂਪ ਹੈ 

ਉਥੇ ਵਿਲੀਨ ਹੋਵਣਾ ਜੋ ਸਿਰਜਣਾ ਦਾ ਰੂਪ ਹੈ 

ਦੇਹੀ 'ਚ ਸ਼ਬਦ ਸੁਲਘਦੇ ਅਰਥ ਦਾ ਕਲਬੂਤ ਹੈ 

ਅੰਦਰੋਂ ਵੀ ਉਹ ਅਨੂਪ ਹੈ ਬਾਹਰੋਂ ਵੀ ਉਹ ਅਨੂਪ ਹੈ ।

📝 ਸੋਧ ਲਈ ਭੇਜੋ