ਅਸੀਂ ਜੰਮੇ ਪਲੇ ਜਿੱਥੇ ਸੀ ਉਹ ਧਰਤੀ ਭੁਲਾ ਆਏ

ਅਸੀਂ ਜੰਮੇ ਪਲੇ ਜਿੱਥੇ ਸੀ ਉਹ ਧਰਤੀ ਭੁਲਾ ਆਏ। 

ਮੁਹੱਬਤ ਪਿਆਰ ਵਤਨਾਂ ਦਾ ਤੇ ਸਭ ਸਾਝਾਂ ਮੁਕਾ ਆਏ।

ਬਸ ਐਨਾ ਰਹਿ ਗਿਆ ਸਾਡਾ ਵਤਨ ਦੇ ਨਾਲ ਹੁਣ ਰਿਸ਼ਤਾ, 

ਵ੍ਹਰੀਂ ਸਾਲੀਂ ਕਿਤੇ ਬਾਲਾਂ ਨੂੰ ਪਿੰਡ ਅਪਣਾ ਦਖਾ ਆਏ।

ਜਿਨ੍ਹਾਂ ਵਿਚ ਮਿਹਨਤਾਂ ਕਰਕੇ ਬਜ਼ੁਰਗਾਂ ਪਾਲਿਆ ਸਾਨੂੰ, 

ਅਸੀਂ ਉਹ ਭੰਗ ਦੇ ਭਾੜੇ ਨਿਸ਼ਾਨੀ ਵੀ ਲੁਟਾ ਆਏ।

ਬਸ ਐਨੀ ਰਹਿ ਗਈ ਸਾਡੀ ਵਤਨ ਵਿਚ ਹੁਣ ਜ਼ਮੀਂਦਾਰੀ, 

ਕਿਰਾਏ ਲਈ ਰਹਿਨ ਰੱਖੀਆਂ ਜ਼ਮੀਨਾਂ ਹਾਂ ਛੁੜਾ ਆਏ।

ਜੇ ਡਾਲਰ ਨੇ ਤਾਂ ਜ਼ਰਬਾਂ ਨੇ ਰੁਪਈਏ ਨੇ ਤਾਂ ਤਕਸੀਮਾਂ, 

ਕਦੇ ਰੋਕੜ ਵਧਾ ਆਏ ਕਦੇ ਰੋਕੜ ਘਟਾ ਆਏ।

ਵਤਨ ਦੇ ਦੋਸਤਾਂ ਸੰਗ ਰਹਿ ਗਈ ਹੁਣ ਦੋਸਤੀ ਐਨੀ, 

ਕਦੇ ਚਾਹ ਪੀ ਲਈ ਬਹਿਕੇ ਯਾ ਦੋ ਫੋਟੋ ਖਿਚਾ ਆਏ।

ਖ਼ਿਆਲਾਂ ਵਿਚ ਵੀ ਹੁਣ ਸਾਡੇ ਹਨ੍ਹੇਰਾ ਈ ਹਨ੍ਹੇਰਾ ਏ, 

ਅਸੀਂ ਵਤਨਾਂ ਦੀਆਂ ਯਾਦਾਂ ਦੇ ਸਭ ਦੀਵੇ ਬੁਝਾ ਆਏ।

ਕਦੀ ਪਰਤੇ ਵੀ ਜੇ ‘ਆਜ਼ਾਦ’ ਵਤਨੀਂ ਬਹਿਣਗੇ ਕਿੱਥੇ, 

ਜੋ ਰੁੱਖ ਮਮਤਾ ਦੀਆਂ ਛਾਂਵਾਂ ਦੇ ਹਾਂ ਹੱਥੀਂ ਜਲਾ ਆਏ।

📝 ਸੋਧ ਲਈ ਭੇਜੋ