ਕੁਝ ਦੁਸ਼ਮਣ ਬਣਕੇ ਦੂਰ ਗਏ
ਕੁਝ ਮਿਤਰ ਬਣਕੇ ਮਾਰ ਗਏ
ਪਾਣੀ ਦੀ ਪੀੜ ਪਛਾਨਣ ਲਈ
ਅਸੀਂ ਰਾਵੀ ਦੇ ਵਿਚਕਾਰ ਗਏ
ਜਿਸ ਮਿੱਟੀਉਂ ਦੇਹ ਨੇ ਜਨਮ ਲਿਆ
ਉਹਦੀ ਇਹ ਕੈਸੀ ਪਹਿਚਾਣ ਬਣੀ
ਰੂਹ ਰੱਤ ਦਾ ਪਾਕਿਸਤਾਨ ਬਣੀ
ਦੇਹ ਦਰਦ ਦਾ ਹਿੰਦੁਸਤਾਨ ਬਣੀ
ਮੋਹ ਮਾਣ ਮੁਹਬੱਤ ਪਾਵਣ ਲਈ
ਅਸੀਂ ਜੱਗ ਦੀ ਬਾਜ਼ੀ ਹਰ ਗਏ
ਕੁਝ ਆਰ ਰਹੇ ਕੁਝ ਪਾਰ ਗਏ
ਅਸੀਂ ਵਿਰਸਾ ਵਾਰਿਸ ਕੁਕਨੂਸ ਦਾ
ਜਿਹੜੇ ਅੱਗ 'ਤੇ ਆਹਲਣਾ ਆ ਧਰਦੈ
ਜੇ ਛੱਡਕੇ ਜਾਵਣ ਘਰ ਖੁਸਦੈ
ਜੇ ਵਿੱਚ ਬੈਠਦੈ ਸੜ ਮਰਦੈ
ਕੋਈ ਲਾਹਨਤ ਨਾ ਇਤਿਹਾਸ ਬਣੇ
ਅਸੀਂ ਖੁਦ ਹੀ ਖੁਦੀ ਨੂੰ ਮਾਰ ਗਏ
ਕੁਝ ਆਰ ਰਹੇ ਕੁਝ ਪਾਰ ਗਏ
ਤਨ ਤਪਦਾ ਵਾਂਗ ਤੰਦੂਰ ਰਿਹਾ
ਅਗਨੀ ਦੀ ਜੂਨ ਹੰਢਾਉਂਦੇ ਰਹੇ
ਪਾ ਬਾਲਣ ਆਪਣੇ ਬੋਟਾਂ ਦਾ
ਹੋਰਾਂ ਦੀ ਭੁੱਖ ਮਿਟਾਉਂਦੇ ਰਹੇ
ਕੁੱਲ ਉਮਰ ਨਿਛਾਵਰ ਕਰ ਦਿੱਤੀ
ਉਹੀਓ ਹੀ ਸਾਨੂੰ ਮਾਰ ਗਏ
ਕੁਝ ਆਰ ਰਹੇ ਕੁਝ ਪਾਰ ਗਏ
ਰਿਸ਼ਤੇ ਜੋ ਜਾਤਾਂ ਮਜ਼ਹਬਾਂ ਦੇ
ਸਭ ਕੂੜ ਹੈ ਕਪਟ ਅਡੰਬਰ ਦਾ
ਜੱਗ ਜੀਉਂਦਾ ਰਿਸ਼ਤਾ ਮਿੱਟੀ ਦਾ
ਇਕ ਰਿਸ਼ਤਾ ਨਿਭਦਾ ਅੰਦਰ ਦਾ
ਜਾਂ ਰਿਸ਼ਤਾ ਸੁੱਚਾ ਸ਼ਬਦਾਂ ਦਾ
ਜੋ ਉਮਰੋਂ ਬਾਅਦ ਵੀ ਨਾਲ ਰਹੇ
ਕੁਝ ਆਰ ਰਹੇ ਕੁਝ ਪਾਰ ਗਏ
ਹੁਣ ਢਲਦੀ ਉਮਰੇ ਗੀਤ ਮੇਰੇ
ਕੋਈ ਮਾਨਸਰੋਵਰ ਭਾਲ ਰਹੇ
ਅਰਥਾਂ ਦੇ ਮੋਤੀ ਬਿਖਰ ਗਏ
ਹਰਫ਼ਾਂ ਦੇ ਹੰਝੂ ਨਾਲ ਰਹੇ
ਜਿਨੂੰ ਹੱਜ ਸਮਝਿਆ ਸ਼ਬਦਾਂ ਨੇ
ਉਹ ਹੰਸ ਉਡਾਰੀ ਮਾਰ ਗਏ
ਕੁਝ ਆਰ ਰਹੇ ਕੁਝ ਪਾਰ ਗਏ
ਇਹ ਲੋਕ ਭਰੇ ਖੁਦਗਰਜ਼ੀ ਦੇ
ਗਰਜ਼ਾਂ ਦੇ ਮਾਰੇ ਜੀ ਲੈਂਦੇ
ਸੂਈ ਮੋਹ ਦੀ ਧਾਗਾ ਲਾਲਚ ਦਾ
ਲੋੜਾਂ ਦਾ ਚੋਲਾ ਸੀ ਲੈਂਦੇ
ਸੱਜਣ ਪਰਵਾਸੀ ਪੰਛੀ ਨੇ
ਰੁੱਤ ਫਿਰੀ ਉਡਾਰੀ ਮਾਰ ਗਏ
ਕੁਝ ਆਰ ਰਹੇ ਕੁਝ ਪਾਰ ਗਏ
ਕੁਝ ਦੁਸ਼ਮਣ ਬਣਕੇ ਦੂਰ ਗਏ
ਕੁਝ ਮਿਤਰ ਬਣਕੇ ਮਾਰ ਗਏ
ਪਾਣੀ ਦੀ ਪੀੜ ਪਛਾਨਣ ਲਈ
ਅਸੀਂ ਰਾਵੀ ਦੇ ਵਿਚਕਾਰ ਗਏ