ਪ੍ਰਯੋਗਸ਼ਾਲਾ ਦੀ ਟੀਸੀ 'ਤੇ ਲੱਗੇ
ਹਵਾ ਦਿਸ਼ਾ-ਸੂਚਕ ਯੰਤਰ ਹਾਂ
'ਵਾ ਚਾਹੇ ਪੁਰੇ ਦੀ ਹੋਵੇ ਚਾਹੇ ਪੱਛੋਂ ਦੀ-
ਆਪਣੇ ਨਾਲ ਤਾਂ ਹਮੇਸ਼ਾਂ
ਜ਼ਬਰਦਸਤੀ ਹੁੰਦੀ ਏ
ਏਸ ਜ਼ਬਰਦਸਤੀ ਨੂੰ
ਚੁੱਪ ਚਾਪ ਸਹਿਣਾ ਹੀ
ਸਾਡਾ ਧਰਮ ਮੰਨਿਆ ਜਾਂਦਾ ਹੈ !
ਅਸੀਂ ਤਾਂ ਸਦਾ ਖਾਂਦੇ ਰਹੇ
ਭਾਸ਼ਣਾ ਦੀ ਖਿੱਚੜੀ
ਤੇ ਸਕੀਮਾਂ ਦਾ ਦਲੀਆ
ਸ਼ਾਮ ਦੇ ਘੁਸ-ਮੁੱਸੇ 'ਚ
ਤਿਤਲੀਆਂ ਦੇ ਰੰਗ ਪਹਿਚਾਨਣਾ
ਕਦੇ ਵੀ ਆਪਣਾ ਸ਼ੌਕ ਨਹੀਂ ਹੋ ਸਕਿਆ !