ਙਙਾ ਙਰਸਨਾ ਕਾਲ ਨੇ ਬੰਦਿਆ ਓਏ. ਪਿਆ ਫਸਿਆ ਵਿੱਚ ਕੁਟੰਬ ਦੇ ਜੀ।
ਨਹੀਂ ਵਿਸ਼ੇ-ਵਿਕਾਰ ਨੂੰ ਛੋਡਦਾ ਤੂੰ, ਕੁੱਤਾ ਲੱਗਿਆ ਨਾਲ ਕੁਰੰਗ ਦੇ ਜੀ।
ਖੋਟੇ ਕੰਮ ਨੂੰ ਦੌੜਦਾ ਮੂਰਖਾ ਓਇ, ਮੱਖੀ ਜਾਂਵਦੀ ਵੱਲ ਦੁਰਗੰਧ ਦੇ ਜੀ।
ਭਜਾ ਫਿਰੇਂ ਹੰਕਾਰ ਦੇ ਆਸਰੇ ਤੂੰ, ਪੰਛੀ ਉੱਡਦਾ ਆਸਰੇ ਖੰਭ ਦੇ ਜੀ।
ਕਦੇ ਵਿੱਚ ਸਤਸੰਗ ਨਾ ਪੈਰ ਪਾਵੇਂ, ਸਦਾ ਬੈਠਨਾ ਨਾਲ ਕੁਰੰਗ ਦੇ ਜੀ।
ਇੱਕ ਰੋਜ਼ ਬੰਦੇ ਤੈਂ ਵੀ ਚਲਣਾ ਈ, ਤੁਰ ਜਾਣ ਤੇਰੇ ਕੋਲੋਂ ਸੰਗ ਦੇ ਜੀ।
ਸੋਈ ਸੜ ਗਿਆ ਫੂਸ ਦੇ ਵਾਂਗ ਪਿਆਰੇ, ਅੱਗੇ ਆ ਗਿਆ ਮੌਤ ਦੀ ਲੰਬਦੇ ਜੀ।
ਤੇਰਾ ਏਸ ਜਹਾਨ ਤੋਂ ਕੂਚ ਹੋਣਾ, ਖ਼ਰਚ ਬੰਨੇ ਬੰਦੇ ਲੰਬੇ ਪੰਧ ਦੇ ਜੀ।
ਵਿੱਛੜ ਚੱਲਨਾ ਬੰਦਿਆ ਇੱਕ-ਦੂਜੇ, ਮੇਲੇ ਹੋਣਗੇ ਨਾਲ ਸਰਬੰਧ ਦੇ ਜੀ।
ਸ਼ਰਨ ਪਵੀਂ ਤੂੰ ਸੰਤ ਲਲਾਰੀਆਂ ਦੀ, ਜਿਹੜੇ ਦੇਹ ਦਾ ਚੋਲੜਾ ਰੰਗਦੇ ਜੀ।
ਸਾਧੂ ਸਿਮਰਦੇ ਰਹਿਣ ਪਰਮਾਤਮਾ ਨੂੰ ਸ਼ਬਦ ਬੋਲਦੇ ਰਾਗ ਤਲੰਗ ਦੇ ਜੀ।
ਛੱਡ ਜੱਗ ਦੀ ਹਿਰਸ ਬੇਫ਼ਿਕਰ ਰਹਿੰਦੇ, ਦਿਨ ਲੁੱਟਦੇ ਸਦਾ ਅਨੰਦ ਦੇ ਜੀ।
ਉੱਤੇ ਬਿਸਤਰੇ ਖ਼ੁਸ਼ੀ ਨਾ ਲੇਟ ਰਹਿੰਦੇ, ਲੱਗੀ ਭੁੱਖ ਤਾਂ ਟੁੱਕੜਾ ਮੰਗਦੇ ਜੀ।
ਸੱਚੇ ਰੱਬ ਨੇ ਵਿੱਚ ਅਸਮਾਨ ਕੋਠੇ, ਕੀਤੇ ਦੋਇ ਦੀਵੇ ਸੂਰਜ ਚੰਦ ਦੇ ਜੀ।
ਅੱਖਾਂ ਵਾਲਿਆਂ ਲੱਭ ਲਏ ਲਾਲ ਡਿੱਗੇ, ਮੂਰਖ ਅੰਦਰਲੇ ਜਾਣ ਉਲੰਘਦੇ ਜੀ।
ਰੁਤ ਸੱਪ ਦੇ ਵਾਂਗਰਾਂ ਉੱਠ ਜਾਸੀ, ਦੇਹੀ ਛੱਡ ਜੂ ਵਾਂਗਰਾਂ ਕੁੰਜ ਦੇ ਜੀ।
ਸਾਧੂ ਹੋਇ ਨ ਸਿਮਰਨੀ ਸਾਜ ਕੀਤੇ, ਕਾਹਨੂੰ ਛੱਡੀਏ ਗ੍ਰਿਹਸਤ ਅਨੰਦ ਦੇ ਜੀ।
ਸਾਧੂ ਜਾਣੀਏਂ ਭਲੇ ਅਤੀਤ ਸੋਈ, ਜਿਹੜੇ ਦਿਲ ਦਾ ਕੱਪੜਾ ਰੰਗਦੇ ਜੀ।
ਲਾਇ ਬੈਠਦੇ ਵਿੱਚ ਉਦਿਆਨ ਤਾੜੀ, ਜਿਥੇ ਕਾਲੜੇ ਨਾਗ ਪਲੰਗ ਦੇ ਜੀ।
ਅੱਖਾਂ ਨੀਵੀਆਂ ਰੱਖਕੇ ਐਬ ਵਲੋਂ, ਫ਼ੱਕਰ ਵਾਂਗ ਕੁਆਰੀਆਂ ਸੰਗਦੇ ਜੀ।
ਸੱਦਾ ਗੁਰ ਮਸਤਾਨੜੇ ਹੋਇ ਰਹਿੰਦੇ, ਪੀਕੇ ਪਿਆਲੜੇ ਅੰਮ੍ਰਿਤਸਰ ਭੰਗਦੇ ਜੀ।
ਦੂਜੀ ਦਿਲ 'ਚੋਂ ਕੱਢ ਦਵੈਤ ਦਿੱਤੀ, ਇਕੋ ਸੱਮਝਿਆ ਵਿੱਚ ਸਰਬੰਗ ਦੇ ਜੀ।
ਨਾਮ ਰਤਨ ਪਦਾਰਥ ਵਿੱਚ ਬਧਾ, ਦਿੱਤੀ ਘੁੱਟਕੇ ਦੇਹ ਦੀ ਗੰਢ ਦੇ ਜੀ।
ਇੱਕ ਠੌਰ ਕਰ ਚਿੱਤ ਨੂੰ ਲਾ ਤਾੜੀ, ਨਿੱਤ ਕਰਦੇ ਜਾਪ ਸੋਹੰਗ ਦੇ ਜੀ।
ਆਪ ਵਾਂਗ ਚਕੋਰ ਦੇ ਰਹੇ ਪ੍ਰੇਮੀ, ਲਿਆ ਸਮਝ ਪਰਮਾਤਮਾਂ ਚੰਦ ਦੇ ਜੀ।
ਇੱਕ ਹੋ ਇਕ ਜੋਤ ਮੇਂ ਜੋਤ ਮਿਲਕੇ, ਬ੍ਰਹਮ ਹੋਇਕੇ ਨਾਥ ਬਰਹੰਮ ਦੇ ਜੀ।
ਵਿੱਚੇ ਗੰਜ ਦੇ ਉਪਜਕੇ ਦੇਵਾ ਸਿੰਘ, ਵਿੱਚ ਮਿਲਕੇ ਵਾਂਝ ਤੁਰੰਗ ਜੀ ।