ਙਙਾ ਆਖਦਾ ਗਿਆਨੀਆਂ ਨਾਲ ਮਿਲਕੇ, ਕਿਹਾ ਫੇਰ ਅਗਿਆਨ ਤੇ ਗਿਆਨ ਕਿਆ ਹੈ ? 

ਜਿਹੜੇ ਰੱਬ ਦੀ ਖ਼ਿਦਮਤ ਤੋਂ ਰਹਿਣ ਖ਼ਾਲੀ, ਸੋਈ ਜਾਣੀਏਂ ਨੈਣ-ਪਰਾਣ ਕਿਆ ਹੈ ? 

ਜੀਉ-ਜਾਨ ਦੇ ਨਾਲ ਜਹਾਨ ਵਸੇ, ਜੇਤਾਂ ਚਿੱਤ ਗ਼ਮਨਾਕ ਜਹਾਨ ਕਿਆ ਹੈ ? 

ਜੇਕਰ ਜੀਂਵਦਾ ਜਾਗਦਾ ਨਾ ਸਮਝੇ, ਫੇਰ ਰੱਬ ਪਰ ਤੇਰਾ ਅਹਿਸਾਨ ਕਿਆ ਹੈ ? 

ਜਿਥੇ ਜਾਵਣਾ ਅੰਤ-ਅਖ਼ੀਰ ਬੰਦੇ, ਬਿਨਾ ਗੋਰ ਤੋਂ ਹੋਰ ਮਕਾਨ ਕਿਆ ਹੈ ? 

ਜੇਕਰ ਆਪਣਾ-ਆਪਣਾ ਜਾਣਿਆਂ ਈ, ਤੈਨੂੰ ਰੱਬ ਦੀ ਫੇਰ ਪਹਿਚਾਨ ਕਿਆ ਹੈ ? 

ਦਯਾ ਬਾਝ ਨ ਸਫਲ ਮਨੁੱਖ-ਦੇਹੀ, ਸੌਦੇ ਸੱਚ ਦੇ ਬਾਝ ਦੁਕਾਨ ਕਿਆ ਹੈ ? 

ਜੇਕਰ ਸਮਝ ਲੈ ਕਾਰਨ ਹਾਰਨੇ ਦਾ, ਪੰਡਿਤ ਖੋਜਿਆ ਵੇਦ-ਪਰਾਨ ਕਿਆ ਹੈ ? 

ਜਿਹੜੀ ਗੀਤ ਗੋਬਿੰਦ ਨੇ ਗਾਂਵਦੀਏ, ਜਲ ਜਾਂਵਣੀ ਭਲੀ ਜ਼ਬਾਨ ਕਿਆ ਹੈ ?

ਕਰਨਹਾਰ ਕਲਬੂਤ ਦੇ ਸਾਜ਼ ਬਾਝੋਂ, ਹੋਰ ਸਿਫ਼ਤ ਦੇ ਲਾਇ ਤਰਖਾਨ ਕਿਆ ਹੈ ?

ਦਯਾ ਸਿੰਘ ਬਖ਼ਸ਼ੀਂ ਰੱਬਾ ਔਗਣਾਂ ਨੂੰ, ਗੁਨਾਹਗਾਰ ਦਾ ਉਜ਼ਰ ਬਿਆਨ ਕਿਆ ਹੈ ?

📝 ਸੋਧ ਲਈ ਭੇਜੋ