ਬੱਬਾ ਬੰਦਿਓ ਠੱਗੀਆਂ ਛੋਡ ਕਰਕੇ, ਵਿੱਚ ਬੰਦਗੀ ਚਿੱਤ ਲਗਾਇਆ ਜੇ ।
ਭਗਵਾ ਵੇਖਕੇ ਭੇਖ ਭਗਵਾਨ ਜੀ ਕਾ, ਹੱਥ ਬੰਨ੍ਹਕੇ ਸੀਸ ਨਿਵਾਇਆ ਜੇ।
ਨੰਗਾ ਵੇਖਕੇ ਕੱਪੜਾ ਦਾਨ ਕਰਨਾ, ਭੁੱਖੇ ਪੁਰਸ਼ ਨੂੰ ਖੁਲਾਇਆ ਜੇ ।
ਦਇਆ ਵੇਖਣੀ ਰੱਬ ਦਾ ਖ਼ੌਫ਼ ਕਰਨਾ, ਜੀਵ ਗਲੇ ਨ ਕਤਲ ਕਰਾਇਆ ਜੇ ।
ਕਾਲਾ ਮੁੱਖ ਅਗੇ ਧਰਮ-ਹੀਣਿਆਂ ਦਾ, ਧਰਮ ਵਾਲਿਆਂ ਤੇਜ ਸਵਾਇਆ ਜੇ ।
ਨਿਰਮਲ ਰਖਨਾ ਚਿਤ ਨੂੰ ਨੀਰ ਵਾਂਗੂੰ, ਪਾਪ ਝੂਠ ਦਾ ਦਾਗ਼ ਨਾ ਲਾਇਆ ਜੇ।
ਕੁੱਛ ਲਿਖਿਆ ਮਿਲੂਗਾ ਹਰ ਹੀਲੇ, ਨਹੀਂ ਕਿਸੇ ਦੀ ਓਟ ਤਕਾਇਆ ਜੇ ।
ਨਿੰਦਾ ਕਿਸੇ ਦੀ ਆਪ ਨਾ ਮੂਲ ਕਰਨੀ, ਜਿਹੜਾ ਕਰੈ ਸੋ ਵਰਜ ਹਟਾਇਆ ਜੇ ।
ਦਸਾਂ ਨਵਾਂ ਦੀ ਕਿਰਤ ਕਮਾਇਆ ਜੇ, ਖਾਣਾ ਹੱਕ ਹਲਾਲ ਦਾ ਖਾਇਆ ਜੇ ।
ਇੱਕ ਨਾਮ ਲੈਣਾ ਦੂਜਾ ਦਾਨ ਕਰਨਾ, ਤੀਜਾ ਤੀਰਥੀ ਜਾਇਕੇ ਨ੍ਹਾਇਆ ਜੇ ।
ਸੁਣੋ ਬੰਦਿਓ ਤੁਸੀਂ ਉਡੀਕ ਰਖੋ, ਅੱਜ-ਕਲ੍ਹ ਮੇਂ ਕਾਲ ਵੀ ਆਇਆ ਜੇ।
ਅਮਲ ਨੇਮ ਜਹਾਨ ਤੇ ਨੇਕ ਕਰਨੇ, ਅੱਗੇ ਦੁੱਖ-ਅਜ਼ਾਬ ਨਾ ਪਾਇਆ ਜੇ।
ਸੋਈ ਮੁੱਖੜੇ ਜੀਭ ਪਵਿਤ ਹੈ ਜੋ, ਜਿਨ੍ਹਾਂ ਰੱਬ ਦਾ ਨਾਮ ਸਲਾਹਿਆ ਜੇ।
ਰਾਮ-ਨਾਮ ਇਹ ਕਲਪ ਹੈ ਬ੍ਰਿਛ ਪਿਯਾਰੇ, ਮੁਖੋਂ ਮੰਗੀਆਂ ਭੌਣੀਆਂ ਪਾਇਆ ਜੇ ।
ਦੇਵਾ ਸਿੰਘ ਇੱਕ ਨਾਮ ਨੇ ਸੰਗ ਜਾਣਾ, ਜਾਂਦੀ ਵਾਰ ਦਾ ਸਾਥ ਬਣਾਇਆ ਜੇ ।