ਬੱਬਾ ਕਹੇ ਤੂੰ ਬੰਦਿਆ ਚਾਹਵਨਾ ਹੈਂ, ਮੇਰਾ ਏਸ ਜਹਾਨ ਤੇ ਰਾਜ ਹੋਵੇ

ਹੋਵੇ ਹੁਕਮ ਜਾਰੀ ਨੌ-ਖੰਡ ਪ੍ਰਿਥਵੀ ਤੇ, ਉੱਤੇ ਸੀਸ ਦੇ ਰਾਜ ਦਾ ਤਾਜ ਹੋਵੇ । 

ਹੋਵਨ ਅਪੱਛਰਾਂ ਭੋਗ ਦੇ ਭੋਗਣੇ ਨੂੰ, ਛੱਤੀ ਰਕਮ ਦਾ ਭੋਜਨ ਸਵਾਦ ਹੋਵੇ । 

ਵੱਡਾ ਜਾਣ ਕੇ ਮੁਝੇ ਸਲਾਮ ਹੋਵੇ, ਸਾਰੇ ਜੱਗ ਵਿੱਚ ਅਦਬ-ਅਦਾਬ ਹੋਵੇ । 

ਪੰਡਤ ਸੰਗਿਆ ਨਾਮ ਪਰਤਿਸ਼ਟ ਹੋਵੇ, ਚਾਰ ਵੇਦ ਕੰਠਾਗਰੋਂ ਯਾਦ ਹੋਵੇ। 

ਸਿਫ਼ਤ ਕਰੇ ਹਰੇਕ ਹੀ ਦੇਖਕੇ ਤੇ, ਮੇਰਾ ਰੂਪ ਵੀ ਚੰਦ-ਮਹਿਤਾਬ ਹੋਵੇ। 

ਐਸ਼-ਇਸ਼ਰਤਾਂ ਵਿੱਚ ਲੰਘੇ ਉਮਰ ਸਾਰੀ, ਕਿਸੇ ਵਕਤ ਨਾ ਚਿੱਤ ਨਰਾਜ਼ ਹੋਵੇ। 

ਸੋਹਣਾ ਰੂਪ ਅਨੂਪ ਕਲਬੂਤ ਹੋਵੇ, ਉੱਤੇ ਬਦਨ ਦੇ ਜ਼ਖ਼ਮ ਨਾ ਦਾਗ਼ ਹੋਵੇ।

ਕਿਹੜੀ ਕਲਪਨਾ ਕਰੇਂ ਤੂੰ ਦਯਾ ਸਿੰਘਾ, ਕਿਹੜੀ ਵਸਤ ਹਾਸਲ ਬਿਨਾਂ ਭਾਗ ਹੋਵੇ । 

📝 ਸੋਧ ਲਈ ਭੇਜੋ