ਬਹਿਸ ਦਾ ਮੁੱਦਾ ਰਿਹਾ ਬਣਿਆ

ਬਹਿਸ ਦਾ ਮੁੱਦਾ ਰਿਹਾ ਬਣਿਆ ਉਹ ਸਾਰੀ ਰਾਤ ਸੀ

ਰੱਖਿਆ ਜਿਸ ਲੇਖ ਦਾ ਸਿਰਲੇਖ ਮੈਂ ਪ੍ਰਭਾਤ ਸੀ

ਭੂਮਿਕਾ ਅੰਦਰ ਹਨ੍ਹੇਰੇ ਦੀ ਵੀ ਗੱਲ ਕਰਨੀ ਪਈ

ਕਹਿਣ ਨੂੰ ਤਾਂ ਕੋਲ ਮੇਰੇ ਚਾਨਣੀ ਦੀ ਬਾਤ ਸੀ

ਸੀ ਪਿਆਰੀ ਖੇਡ ਕਿੰਨ੍ਹੀ ਯਾਰ ਸਾਡੇ ਪਿਆਰ ਦੀ

ਜਿੱਤ ਨਾਲੋਂ ਵੀ ਮਜ਼ਾ ਦੇਂਦੀ ਜ਼ਿਆਦਾ ਮਾਤ ਸੀ

ਗੀਤ ਮੇਰੇ ਇਸ਼ਕ ਦਾ ਯਾਰੋ ਅਧੂਰਾ ਰਹਿ ਗਿਆ

ਸਾਜ਼ ਤਾਂ ਸੁਰ ਸੀ ਬੜੇ ਨਾਸਾਜ਼ ਪਰ ਹਾਲਾਤ ਸੀ

ਹੋ ਗਿਆ ਪਾਗ਼ਲ ਮਸੀਹਾ ਰੋਗ ਮੇਰਾ ਭਾਲਦਾ

ਮਰਜ਼ ਮੈਨੂੰ ਸੀ ਕਿ ਜ਼ਖ਼ਮੀ ਹੋ ਗਏ ਜਜ਼ਬਾਤ ਸੀ

ਸੱਚ ਮੇਰੇ ਦੀ ਸਜ਼ਾ ਮੈਂ ਜਾਣਦਾ ਹਾਂ ਕੀ ਮਿਲੂ

ਰਾਤ ਨੂੰ ਸੁਪਨੇ ’ਚ ਸਭ ਕੁਝ ਦੱਸ ਗਿਆ ਸੁਕਰਾਤ ਸੀ

ਸ਼ੇਅਰ ਤਾਂ ਮੇਰਾ ਸਮਰਪਿਤ ਸੀ ਸੁਲਗਦੇ ਸੇਕ ਨੂੰ

ਆਖਦੀ ਐਪਰ ਮੁਕੱਰਰ ਕਿਣਮਿਣੀ ਬਰਸਾਤ ਸੀ

📝 ਸੋਧ ਲਈ ਭੇਜੋ