ਬਈਆ ਤੇ ਬਾਂਦਰ

ਇਕ ਬਈਏ ਨੇ ਕੱਠਿਆਂ,

ਕਰ ਕੇ ਸੁੱਕਾ ਘਾ

ਬੁਣਿਆ ਅਪਣਾ ਆਲ੍ਹਣਾ,

ਪੂਰਾ ਕੀਤਾ ਚਾ

ਰੱਖਨੇ ਰਖੇ ਓਸ ਵਿਚ,

ਤੇ ਦਰਵਾਜ਼ਾ ਇੱਕ

ਲੋੜ ਸਮੇਂ ਜੋ ਹੋ ਸਕੇ,

ਪੂਰੀ ਮਨ ਦੀ ਸਿੱਕ

ਰਹਿ ਸੱਕਣ ਜੋ ਬੱਚੜੇ,

ਉਸ ਦੇ ਨਾਲ ਅਰਾਮ

ਰੈਨ-ਬਸੇਰਾ ਕਰ ਲਵੇ,

ਜਦ ਪੈ ਜਾਵੇ ਸ਼ਾਮ

ਕੱਕਰ, ਲੂ ਤੋਂ ਬਚ ਸਕੇ,

ਨਿੱਕੀ ਕੋਮਲ ਜਿੰਦ,

ਚੋਗਾ ਚੁਗ ਚੁਗ ਥੱਕ ਕੇ,

ਸਾਹ ਲੈ ਸੱਕੇ ਬਿੰਦ

ਸਰਦੀ ਦੀ ਇਕ ਸ਼ਾਮ ਨੂੰ,

ਬੈਠ ਆਲ੍ਹਣੇ ਕੋਲ

ਕਰਦਾ ਓਹੋ ਆਪ ਸੀ,

ਅਪਣੇ ਨਾਲ ਕਲੋਲ

ਠੁਰ ਠੁਰ ਕਰਦਾ ਸੁਕੜਦਾ,

ਪਾਲੇ ਹੱਥੋਂ ਤੰਗ

ਬਾਂਦਰ ਅੱਡੀਆਂ ਰਗੜਦਾ,

ਆਇਆ ਨੰਗ-ਮਲੰਗ

ਵਗਦਾ ਠੱਕਾ ਓਸ ਨੂੰ,

ਲੈਣ ਨਾ ਦਿੰਦਾ ਟੇਕ

ਚਾਹੇ, ਕਿਧਰੋਂ ਮਿਲ ਸਕੇ,

ਉਹਨੂੰ ਨਿੱਘਾ ਸੇਕ

ਕਰੀਆਂ ਉਸ ਨੇ ਕੋਸ਼ਿਸ਼ਾਂ,

ਚੜ੍ਹੀ ਨਾ ਕੋਈ ਤੋੜ;

ਹੱਡੀਂ ਰਚ ਗਈ ਠੰਢ ਤੇ,

ਦੁਖਣ ਲਗੇ ਜੋੜ

ਉਸ ਦੀ ਹਾਲਤ ਦੇਖ ਕੇ,

ਬਈਏ ਕਿਹਾ ਪੁਕਾਰ :

'ਕਰਨੀ ਫ਼ਿਕਰ ਸਿਆਲ ਦੀ,

ਸੀ ਤੂੰ ਪਹਿਲੋਂ ਯਾਰ !

ਮੈਂ ਤੈਥੋਂ ਹਾਂ ਨਿੱਕੜਾ,

ਪਰ ਜਤਨਾਂ ਦੇ ਨਾਲ

ਕੀਤਾ ਮੁਸ਼ਕਲ ਹੱਲ ਹੈ,

ਅਪਣਾ ਆਪ ਸਵਾਲ

ਜੇ ਤੂੰ ਵੀ ਕੁਛ ਸੋਚਦਾ,

ਰਖਦਾ ਕੋਈ ਤਾਂਘ

ਘਰ ਦਾ ਮਾਲਕ ਅੱਜ ਤੂੰ,

ਹੁੰਦਾ ਮੇਰੇ ਵਾਂਗ'

ਸੁਣ ਬਈਏ ਦੀ ਗੱਲ ਨੂੰ,

ਬਾਂਦਰ ਕੀਤੀ ਝੱਟ

ਚੜ੍ਹ ਕੇ ਰੁਖ ਤੇ ਆਲ੍ਹਣਾ,

ਕੀਤਾ ਚੌੜ ਚੁਪੱਟ

ਬੁਣਿਆ ਸੀ ਜੋ ਓਸ ਨੇ,

ਪੂਰੀ ਮਿਹਨਤ ਨਾਲ

ਪੱਟੀ ਉਸ ਦੀ ਜੱਖਣਾ,

ਕੀਤਾ ਭੈੜਾ ਹਾਲ

ਵਾਹ ਬਈਏ ਦੀ ਗਈ ਨਾ,

ਹੋਇਆ ਬਹੁਤ ਲਚਾਰ,

ਕਿਸੇ ਸਿਆਣੇ ਆਖਿਆ,

ਤਾਹੀਂ ਸੋਚ ਵਿਚਾਰ :

"ਸੀਖ ਤਾਂ ਕੋ ਦੀਜੀਏ,

ਜਾਂ ਕੋ ਸੀਖ ਸੁਖਾਇ

ਸੀਖ ਦੀਜੇ ਬਾਂਦਰਾਂ,

ਜੋ ਬਈਏ ਦਾ ਘਰ ਢਾਇ"

📝 ਸੋਧ ਲਈ ਭੇਜੋ