ਬੰਬਲੇ ਫ਼ਕੀਰ

ਮੈ ਫ਼ਾਰਖ਼ਤੀਆਂ ਹੀ,ਜਦ ਲਿਖ ਦਿੱਤੀਆਂ

ਓਹ ਤਾਂ ਵੀ ਨਾ,ਨਾਤੇ ਤੋੜਦੀ ਹੈ

ਫਾਲਨਾਮਿਆ ‘ਤੇ ਰਮਲ,ਸੁੱਟਦੀ ਹੈ

ਕਦੇ ਫੁੱਲ ਬਿਲਾਨੀ,ਮਰੋੜਦੀ ਹੈ।

ਜਦੋਂ ਇਸ਼ਕ ਅਵੱਲੜੇ ਨੇ,ਮੱਤ ਮਾਰੀ

ਲੱਖ ਘੋੜ-ਸੁੰਮੀਆਂ ਭਾਵੇਂ ਚੱਬ ਲਈਂ

ਬਿੱਛੂ-ਬੂਟੀ ਦੀ ਪੀੜ ਨਾ ‘ਰਾਮ ਆਓਣੀ

ਭਾਂਵੇਂ ਬੰਬਲੇ ਫ਼ਕੀਰ,ਲੱਖ ਲੱਭ ਲਈਂ।

ਸੂਹੀ ਟੋਪੀ ‘ਤੇ ਲਟਕਦੀ,ਫੁੰਮਣੀ ਨੂੰ

ਦਸਤਾਰ ਦੀ ਕਲਗੀਂ ਨਾ ਰਾਸ ਆਈ

ਓਹ ਮੰਜ਼ੂਰ-ਦੋਜ਼ਕ ਦਿਖਾਓਂਦੇ ਰਹੇ

ਫਿਰਦੌਸ਼ੀ ਬਾਗ਼ ਦੀ ਸਾਨੂੰ ਵਾਸ਼ ਆਈ।

ਘੋੜੀ-ਦੁੱਧ ਸਾੜ ਕੇ,ਸ਼ਰਾਬ ਪੀਤੀ ਦਾ

ਜੋਗ-ਨਿੰਦਰਾ ਜਿਹਾ ਨਸ਼ਾ,ਲੱਗੀ ਝੋਕ ਦਾ

ਕਾਮ ਕਮਲ਼ੇ ਨੇ,ਵੱਸ ਨਹੀਂ ਹੋਣਾ

ਲੱਖ ਪੜ੍ਹ ਲਈਂ ਗ੍ਰੰਥ,ਭਾਵੇਂ ਕਵੀ ਕੋਕ ਦਾ।

📝 ਸੋਧ ਲਈ ਭੇਜੋ