ਬੰਦ ਖਿੜਕੀ ਕੋਲ ਜਿਹੜੀ ਸਿਸਕੀਆਂ ਭਰਦੀ ਰਹੀ
ਖ਼ਾਬ ਮੇਰੇ ਦਾ ਵਿਸ਼ਾ ਉਹ ਪੌਣ ਹੀ ਬਣਦੀ ਰਹੀ
ਠੀਕ ਸਾਬਤ ਹੋ ਸਕੀ ਨਾ ਰੁੱਤ ਉਹ ਰਮਣੀਕ ਵੀ
ਸੰਗਦਾ ਹੀ ਰਹਿ ਗਿਆ ਰੁੱਖ ਤੇ ਹਵਾ ਡਰਦੀ ਰਹੀ
ਪੁਲ ਪਲਾਂ ਵਿਚ ਪਾਰ ਕਰਕੇ ਦੂਰ ਸੂਰਜ ਤੁਰ ਗਿਆ
ਰਾਤ ਸਾਰੀ ਪਰ ਵਿਚਾਰੀ ਇਕ ਨਦੀ ਬਲਦੀ ਰਹੀ
ਯਾਦ ਕੀ ਆਈ ਕਿਸੇ ਦੀ ਖੜ੍ਹ ਗਿਆ ਸਾਰਾ ਸਮਾਂ
ਕੰਧ ’ਤੇ ਟੰਗੀ ਘੜੀ ਬਸ ਬੇਵਜ੍ਹਾ ਚਲਦੀ ਰਹੀ
ਦੋਸ਼ ਮੇਰਾ ਹੈ ਮੁਕੰਮਲ ਜੇ ਗ਼ਜ਼ਲ ਨਾ ਹੋ ਸਕੀ
ਸ਼ੇਅਰ ਤਾਂ ਕੁਝ ਅਰਜ਼ ਉਸਦੀ ਹਰ ਅਦਾ ਕਰਦੀ ਰਹੀ