ਬਰੀ ਉਹ ਹੋ ਗਿਆ ਬਖ਼ਸ਼ੇ ਗਏ ਉਸਦੇ ਗੁਨਾਹ ਸਾਰੇ
ਸਜ਼ਾ ਹੁੰਦੀ ਕਿਵੇਂ ਉਸਨੇ ਖ਼ਰੀਦੇ ਸੀ ਗਵਾਹ ਸਾਰੇ
ਚੁਫ਼ੇਰੇ ਹੈ ਬੜੀ ਦਾਦਾਗਿਰੀ ਬਿਫ਼ਰੇ ਸਮੁੰਦਰ ਦੀ
ਸਿਵਾਏ ਡਰਨ ਦੇ ਹੁਣ ਕਰਨ ਵੀ ਤਾਂ ਕੀ ਮਲਾਹ ਸਾਰੇ
ਅਸਾਡੇ ਮਿਲਣ ਕਰਕੇ ਵੀ ਰਿਹਾ ਰੌਲਾ ਜਿਹਾ ਪੈਂਦਾ
ਅਸੀਂ ਵਿਛੜੇ ਤਾਂ ਕਰਦੇ ਚੁੰਝ ਚਰਚਾ ਖਾਹ ਮਖਾਹ ਸਾਰੇ
ਮੁਸੱਵਰ ਦੇ ਤਸੱਵੁਰ ਵਿਚ ਰਿਹਾ ਆਬਾਦ ਉਹ ਫਿਰ ਵੀ
ਕਿ ਭਾਵੇਂ ਰੰਗ ਉਸਦੇ ਕਰ ਗਿਆ ਸੀ ਉਹ ਤਬਾਹ ਸਾਰੇ
ਕਿਸੇ ਦੇ ਰੰਗ ਗੋਰੇ ’ਤੇ ਗਜ਼ਲ ਤਾਂ ਮੈਂ ਵੀ ਲਿਖਦਾ ਪਰ
ਲਿਖਾਵਟ ਦੇ ਲਈ ਹੁੰਦੇ ਹਰਫ਼ ਕਾਲੇ ਸਿਆਹ ਸਾਰੇ
‘ਅਮਰ’ ਮਹਿਫ਼ਿਲ ’ਚ ਆਇਆ ਤਾਂ ਉਨ੍ਹੇ ਹਰ ਦਿਲ ’ਤੇ ਛਾ ਜਾਣਾ
ਕਿਵੇਂ ਉਸਨੂੰ ਬੁਲਾਈਏ ਨਾ, ਇਹ ਕਰਦੇ ਨੇ ਸਲਾਹ ਸਾਰੇ