ਭੱਭਾ ਭਗਤ ਭਗਵੰਤ ਦੀ ਕਰੇ ਜਿਹੜਾ, ਸੋਈ ਲੱਖ ਚੁਰਾਸੀਓਂ ਪਾਰ ਹੋਇਆ ।
ਨਾਮ ਦੇਵ ਕਬੀਰ ਨੇ ਭਗਤੀ ਕੀਤੀ, ਰੋਸ਼ਨ ਜਿਨ੍ਹਾਂ ਦਾ ਨਾਮ ਸੰਸਾਰ ਹੋਇਆ।
ਧੰਨੇ ਜੱਟ ਨੇਹਚਾ ਕੀਤੀ ਪਥਰਾਂ ਦੀ, ਓਹਨੂੰ ਰੱਬ ਦਾ ਖ਼ੂਬ ਦੀਦਾਰ ਹੋਇਆ।
ਕਿਹੜੇ ਮੁੱਖ ਨਾਲ ਰਾਮ ਸਾਲਾਹੀਏ ਜੀ, ਨਹੀਂ ਆਦਿ-ਮੱਧ ਅੰਤ ਸ਼ੁਮਾਰ ਹੋਇਆ।
ਜੀਵ-ਜੰਤ ਸਾਰਾ ਮੰਗਣ-ਹਾਰ ਕੀਤਾ, ਆਪ ਦੇਵਣੇਹਾਰ ਦਾਤਾਰ ਹੋਇਆ।
ਬੁਝੇ ਦਿਲ ਹੀ ਸਾਹਬ ਸਰਾਫ਼ ਸੱਚਾ, ਖੋਟੇ ਖਰੇ ਨੂੰ ਪਰਖਨੇਹਾਰ ਹੋਇਆ।
ਦਿੱਤਾ ਦਿਲੋਂ ਭੁਲਾਇ ਪਰਮਾਤਮਾ ਨੂੰ, ਵੱਸ ਲੋਭ ਦੇ ਸਰਬ ਸੰਸਾਰ ਹੋਇਆ।
ਰਹੇ ਸੰਸਿਆਂ ਵਿਚ ਗ਼ਲਤਾਨ ਮਾਪੇ, ਜਿਹੜਾ ਆਖਦੇ ਪੁਤ ਕੁਲਤਾਰ ਹੋਇਆ ।
ਖਟੇ ਰਾਮ ਦਾ ਲਾਲ ਦੁਰਲੱਭ ਜਿਹੜਾ, ਕਹਿੰਦੇ ਸਾਧੂਆਂ ਨਾਲ ਖ਼ੁਆਰ ਹੋਇਆ।
ਭਾਈ ਭੈਣ ਸਭੋ ਦੋਸਤ ਖਾਣਦੇ ਹੈ, ਬਿਨਾਂ ਤਲਬੋਂ ਕੋਈ ਨਾ ਯਾਰ ਹੋਇਆ।
ਜਮਾ ਜਰਵਾਣਿਆਂ ਆਨ ਫੜਿਆ, ਨਹੀਂ ਕੋਈ ਛਡਾਵਣੇਹਾਰ ਹੋਇਆ।
ਕੋਲੋਂ ਤੇਰਿਓਂ ਦੁਨੀਆਂ ਜਾਂਵਦੀ ਹੈ, ਤੂੰ ਵੀ ਅੱਜ-ਕਲ੍ਹ ਜਾਣ ਤਿਆਰ ਹੋਇਆ।
ਅੰਤ ਗਿਆ ਸੀ ਏਸ ਜਹਾਨ ਉਤੋਂ, ਰੌਣ ਸੂਰਮਾ ਵੱਡਾ ਬਲਕਾਰ ਹੋਇਆ ।
ਜੀਹਦੀ ਲੈਂਕਾ ਸੀ ਕੋਟ ਸਮੁੰਦ ਖਾਈ, ਨਹੀਂ ਲਸ਼ਕਰਾਂ ਅੰਤ ਸ਼ੁਮਾਰ ਹੋਇਆ।
ਰਾਵਣ-ਕਾਲ ਨੂੰ ਬੰਨ੍ਹਿਆ ਨਾਲ ਪਾਵੇ, ਪੱਖਾ ਪੌਣ ਸੀ ਕਰਨੇਹਾਰ ਹੋਇਆ।
ਚੰਦ ਸੂਰਜ ਰਸੋਈ ਦੇ ਕਰਨ ਵਾਲੇ, ਇੰਦਰ ਬਾਗ਼ ਲਗਾਵਣੇ ਹਾਰ ਹੋਇਆ।
ਦੇਵਾ ਸਿੰਘ ਰੂਹ ਬੁੱਤ ਮੇਂ ਜਦੋਂ ਪਾਇਆ, ਕੱਢ ਲੈਣ ਦਾ ਨਾਲ ਕਰਾਰ ਹੋਇਆ।