ਭੱਭਾ ਆਖਦਾ ਭਲਾ ਵੀਚਾਰ ਦੇਖੋ, ਕਿਹੜਾ ਭਗਤ ਹੈ ਭਜਨ ਭਗਵਾਨ ਬਾਝੋਂ ?
ਬਿਨਾਂ ਗਊ ਦੀ ਰੱਖਿਆ ਕੌਣ ਹਿੰਦੂ, ਮੁਸਲਮਾਨ ਨਾ ਸੂਰ ਦੀ ਆਨ ਬਾਝੋਂ ?
ਬਿਨਾਂ ਜਿਸਮ ਦੇ ਜਿੰਦ ਦਾ ਪਿੰਡ ਕਿਹੜਾ, ਮੁਰਦਾ ਕੌਣ ਹੈ ਗੋਰ ਕਮਾਨ ਬਾਝੋਂ ?
ਮੰਗਤਾ ਕੌਣ ਜੋ ਨਹੀਂ ਸਵਾਲ ਕਰਦਾ, ਦਾਤਾ ਕੌਨ ਹੈ ਦਿਤਿਆਂ ਦਾਨ ਬਾਝੋਂ ?
ਲੱਖਾਂ ਆਦਮੀ ਹਾਕਮਾਂ ਕੋਲ ਜਾਂਦੇ, ਕਿਹੜਾ ਲੰਘਿਆ ਮਿਲੇ ਦਰਬਾਨ ਬਾਝੋਂ ?
ਸੋਨਾ ਪਰਖਿਆ ਬਾਝ ਸੁਨਿਆਰ ਕਿਹੜਾ, ਜੌਹਰੀ ਲਾਲ ਦੀ ਕੌਣ ਪਛਾਣ ਬਾਝੋਂ ?
ਨੌਕਰ ਕੌਣ ਜੋ ਫ਼ਰਮਾ-ਬਰਦਾਰ ਨਾਹੀ, ਹਾਕਮ ਕੌਣ ਜੇ ਹੁਕਮ ਚਲਾਣ ਬਾਝੋਂ ?
ਬਿਨਾਂ ਦੌਲਤਾਂ ਕੌਣ ਬਪਾਰ ਕਰਦਾ, ਕਰੇ ਗੁਫ਼ਤਗੂ ਕੌਣ ਜ਼ਬਾਨ ਬਾਝੋਂ ?
ਮੱਛੀ ਕੌਣ ਜੋ ਨੀਰ ਬਿਨ ਜੀਵਦੀ ਏ, ਕਿਹੜਾ ਪੇਟ ਅਨਾਜ ਦੇ ਖਾਣ ਬਾਝੋਂ ?
ਜਾਨਵਰਾਂ ਬਿਨ ਪਰਾਂ ਕੀ ਉੱਡ ਜਾਣਾ, ਚੱਲੇ ਕੌਣ ਜੋ ਤੀਰ ਕਮਾਨ ਬਾਝੋਂ ?
ਬ੍ਰਾਹਮਣ ਕੌਣ ਜੋ ਵੇਦ ਨਾ ਮੰਨਦਾ ਏ, ਮੋਮਨ ਕੌਣ ਜੋ ਅਸਲ ਕੁਰਾਨ ਬਾਝੋਂ ?
ਕੋਈ ਨਹੀਂ ਬੇਗਰਜ਼ ਮਾਸ਼ੂਕ ਜੇਹਾ, ਆਸ਼ਕ ਨਹੀ ਜੇ ਜਾਨ ਕੁਰਬਾਨ ਬਾਝੋਂ ।
ਦੌਲਤਮੰਦ ਅਮੀਰ ਫ਼ਕੀਰ ਜਾਪੇ, ਕੱਪੜ, ਵਸਤ, ਲਿਬਾਸ ਦੀ ਸ਼ਾਨ ਬਾਝੋਂ ।
ਕੁਰਾਨ ਖ਼ਤਮ ਹੋਕੇ ਕਿਆਮਤ ਆਵਣੀਏ, ਦੱਸ ਕੌਣ ਬੁਨਿਆਦ ਘੱਟ ਜਾਨ ਬਾਝੋਂ ?
ਦਯਾ ਸਿੰਘ ਸੱਭੇ ਗੱਲਾਂ ਝੂਠੀਆਂ ਨੇ, ਹੋਇਆ ਪਾਸ ਕਿਹੜਾ ਇਮਤਿਹਾਨ ਬਾਝੋਂ ?