ਭਾਗ ਜਗਾ ਕੇ ਤੱਕ

ਭਾਗ ਜਗਾ ਕੇ ਤੱਕ ਲੈਨੇ ਆਂ।

ਲੇਖ ਅਜ਼ਮਾ ਕੇ ਤੱਕ ਲੈਨੇ ਆਂ।

ਤੱਸਾ ਸੂਰਜ ਡੁੱਬ ਚਲਿਆ ਏ,

ਦੇਂਹ ਉਲਟਾ ਕੇ ਤੱਕ ਲੈਨੇ ਆਂ।

ਵੇਖੋ ਜਾਗ ਪਵੇ ਜੇ ਕੋਈ,

ਰੌਲ਼ਾ ਪਾ ਕੇ ਤੱਕ ਲੈਨੇ ਆਂ।

ਖ਼ਵਰੇ ਨਵੀਂ ਕਹਾਣੀ ਪੁੰਗਰੇ,

ਸ਼ਿਅਰ ਸੁਣਾ ਕੇ ਤੱਕ ਲੈਨੇ ਆਂ।

ਇੱਕ ਦੂਜੇ ਨੂੰ ਘੱਲੇ ਹੋਏ,

ਖ਼ਤ ਮੰਗਵਾ ਕੇ ਤੱਕ ਲੈਨੇ ਆਂ।

ਅੱਜ ਘੜੀ ਨੂੰ ਦੇ ਕੇ ਚਾਬੀ,

ਵਕਤ ਮਨਾ ਕੇ ਤੱਕ ਲੈਨੇ ਆਂ।

ਮਾਜ਼ੀ ਦੇ ਪ੍ਰਛਾਂਵੇਂ ਪਿੱਛੇ,

ਝੁੰਮਰ ਪਾ ਕੇ ਤੱਕ ਲੈਨੇ ਆਂ।

ਸੱਦਫ਼ ਪੁਰਾਣੇ ਦੁੱਖਾਂ ਨੂੰ ਅੱਜ,

ਫ਼ਿਰ ਦਫ਼ਨਾ ਕੇ ਤੱਕ ਲੈਨੇ ਆਂ।

📝 ਸੋਧ ਲਈ ਭੇਜੋ