ਭੌਰੇ ਦੀ ਸ਼ਹਾਦਤ

ਜੱਟੀ ਕੁਰਲਾਂਵਦੀ ਜੱਟ ਤੋਂ ਵੱਖ ਹੋਈ, ਵੇਖਾਂ ਜੱਟ ਵੀ ਕਾਂਗ-ਕੁਰਲਾਂਵਦਾ ਕਿ ਨਈਂ।

ਬਾਛਕ-ਨਾਗ ਦੇ ਮਸਤਕੋਂ ਮਣੀ ਕੱਢੀ, ਮੱਥਾ ਸਿੱਲ਼ ਦੇ ਮੱਥੇ ਪਟਕਾਂਵਦਾ ਕਿ ਨਈਂ।

ਰਾਣੀ-ਮੱਖੀ ਨੂੰ ਮਖੀਰ ਤੋਂ ਜੁਦਾ ਕੀਤਾ,ਸ਼ਹਿਦ-ਸ਼ੀਰਾ ਜ਼ਹਿਰ ਹੋ ਜਾਂਵਦਾ ਕਿ ਨਈਂ।

ਸੁੰਞੀਆਂ ਬੇਰੀਆਂ ਹਰੀਅਲਾਂ ਹੜੱਪੀਆਂ ਨੇ,ਮਾਲੀ ਆਣ ਕੇ ਕੋਈ ਉਡਾਂਵਦਾ ਕਿ ਨਈਂ।

ਇੱਕ ਭੌਰੇ ਦੀ ਪੱਤੀ ‘ਚ ਜਾਨ ਫਾਥੀ, ਸਿਦਕ ਨਾਲ਼ ਸ਼ਹੀਦੀ ਪਾਂਵਦਾ ਕਿ ਨਈਂ।

ਸੂਹਾ ਸਾਲੂ ਪਾਇਆ ਤੱਕ ਸਚੇਲੜਾ, ਚੋਲ਼ਾ ਗੇਰੂਏ ਰੰਗ ਦਾ ਰੰਗਾਂਵਦਾ ਕਿ ਨਈਂ।

ਕਰਮ-ਕੱਚੜੀ ਨੇ ਰਿਜ਼ਕ ਵਿਸਾਰ ਦਿੱਤਾ,ਪਸ਼ਕੰਦ, ਧਤੂਰਾ, ਭੰਗ,ਖਾਂਵਦਾ ਕਿ ਨਈਂ।

ਮੋਈ ਕੂਕਦੀ ਗਈ ਵੱਲ ਖੇੜਿਆਂ ਦੇ, ਨਾਥ-ਧੂਣੇ ਦੇ ਵੱਲੜੇ ਜਾਂਵਦਾ ਕਿ ਨਈਂ।

ਸੱਜਰਾ ਸੱਜਣਾ ਦਾ ਸੀਨੜੇ ਸੱਲ ਖਾ ਕੇ,ਬਾਂਕੇ-ਬੋਦੜੇ ਰਗੜ ਮੁਨਾਂਵਦਾ ਕਿ ਨਈਂ।

ਲਾਲ ਪਰਾਂਦੀ ਸਖੀਆਂ ਗੁੱਤੀਂ ਗੁੰਦ ਛੱਡੀ, ਸੇਲੀ, ਕੁੱਲਾ, ਮਾਲ਼ਾ,ਸਜਾਂਵਦਾ ਕਿ ਨਈਂ।

ਲੋਕ-ਲਾਜ ਦੇ ਓਹਨੇ ਕਲੀਰੇ ਬੰਨ੍ਹੇ, ਬੇੜੀ ਜੋਗ ਦੀ ਪੈਂਰੀ ਪਵਾਂਵਦਾ ਕਿ ਨਈਂ।

ਬੰਸਰੀ ਹਰ ਲਈ ਜਾਨੀ ਦੇ ਨਾਮ ਵਾਲ਼ੀ,ਕਿੰਙੀ,ਨਾਦ ਤੇ ਸੰਖ ਵਜਾਂਵਦਾ ਕਿ ਨਈਂ।

ਝੱਲਾ ‘ਹਰਿ ਹੀ ਹਰਿ’ ਦਾ ਛੱਡ ਸਿਮਰਾ,ਮੁੱਖੋਂ ‘ਹੀਰ ਹੀ ਹੀਰ’ ਰਟਾਂਵਦਾ ਕਿ ਨਈਂ।

ਬਦ-ਦੁਆ ਲੱਗੀ ਕਿਸੇ ਸਾਂਈ ਪੀਰ ਪੈਰੋਂ, ਵੇਖਾਂ ਫ਼ਜਲ ਕਿਤੋਂ ਕਮਾਂਵਦਾ ਕਿ ਨਈਂ।

ਕੰਨ-ਬੋਤਲੀ ਓਸ ਨੇ ਪਾਏ ਗਹਿਣੇ, ਬੁੰਦੇ ਲਾਹ ਕੇ ਮੁੰਦਰਾਂ ਪਾਂਵਦਾ ਕਿ ਨਈਂ।

📝 ਸੋਧ ਲਈ ਭੇਜੋ