ਏਸ ਤੋਂ ਪਹਿਲਾਂ
ਕਿ ਭੁੱਲ ਜਾਈਏ
ਇਕ ਦੂਜੇ ਦਾ ਨਾਂ
ਆ ! ਇਕ ਵੇਰ ਮਿਲੀਏ, ਪਹਿਲਾਂ ਵਾਂਗ
ਤੇ ਮੁਕਰ ਜਾਈਏ
ਕਿ ਅਸੀਂ ਕਦੇ ਮਿਲੇ ਸਾਂ ।
ਇਹ ਗੱਲ ਜਾਣਕੇ
ਖੌਰੇ ਤੈਨੂੰ ਚੰਗਾ ਲੱਗੇ
ਜਾਂ ਬੁਰਾ
ਜਾਂ ਦੋਵੇਂ
ਜਾਂ ਦੋਵਾਂ ਚੋਂ ਕੁਝ ਵੀ ਨਾ
ਕਿ ਮੇਰੇ ਚੇਤਿਆਂ 'ਚ
ਅਜੇ ਵੀ ਤੇਰਾ ਨਾਂ
ਜਿਉਂ ਤਾਂ ਤਿਉਂ ਹੈ, ਮਹਿਫੂਜ਼
ਸਾਕਾਰ ਸੁਫ਼ਨੇ ਵਰਗਾ
ਸਰੋਵਰ ਦੇ ਨਿੱਤਰੇ ਪਾਣੀ ਵਰਗਾ
ਤੂੰ ਇਸ ਨੂੰ ਜਨੂਨ ਸਮਝੇਂ
ਜਾਂ ਇਕ-ਪਾਸੜ ਜਿਹਾ ਮੋਹ
ਆਖ਼ਿਰ ਕੁਝ ਤਾਂ ਸੀ
ਜੋ ਹੁਣ ਵੀ ਹੈ
ਸਹਿਕ ਰਿਹਾ
ਪਰ ਜ਼ਿੰਦਾ
ਉਂਜ ਮੈਨੂੰ ਭਲੀਭਾਂਤ ਪਤਾ ਹੈ
ਤੇਰੇ ਐਲਾਨਨਾਮੇ ਦਾ
ਕਿ ਅਸਾਂ ਦੋਹਾਂ ਵਿਚਕਾਰ
ਹੁਣ ਕੁਝ ਵੀ ਨਹੀਂ
ਜਿਸ ਨੂੰ ਕੋਈ ਨਾਂ ਦਿੱਤਾ ਜਾ ਸਕੇ
ਫੇਰ ਵੀ
ਪਤਾ ਨਹੀਂ ਕਿਉਂ
ਕਦੇ ਨਾ ਕਦੇ ਤੇਰਾ
ਜ਼ਿਕਰ ਆਉਂਦਿਆਂ ਹੀ ।
ਮਨ ਦੀਆਂ ਪਰਤਾਂ 'ਚ
ਤਰਥੱਲੀ ਜਿਹੀ
ਮੱਚ ਉਠਦੀ ਹੈ
ਮੈਂ ਹੱਥਲ ਹੋਏ ਯੋਧੇ ਵਾਂਗ
ਆਪਣੀ ਬੇਵੱਸੀ 'ਤੇ
ਅੱਖਾਂ 'ਚੋਂ ਵਹਿ ਜਾਨਾ ਹਾਂ
ਜਾਂ ਫਿਰ ਆਪਣੀ ਹੀ
ਬੇਬਸੀ ਦੀ ਖਿੱਲੀ ਉਡਾਉਂਦਾ ਹਾਂ
ਬਿਲਾ ਸ਼ੱਕ । ਤੇਰੇ ਸ਼ਹਿਰ ਨਾਲ
ਮੇਰੀ ਭਾਵੁਕ ਸਾਂਝ ਦਾ ਕਾਰਨ
ਕੁਝ ਵੀ ਮਿਥਿਆ ਜਾ ਸਕਦੈ
ਮੇਰਾ ਉਥੇ
ਸਾਹ ਲੈਣ ਦੀ ਪ੍ਰਕਿਰਿਆ ਤੋਂ
ਦੁਨੀਆਂ ਨੂੰ ਪਹਿਲੀ ਵੇਰ
ਤੱਕਣ ਦਾ ਆਗਾਜ਼-ਸਥਲ
ਜਾਂ ਤੇਰੀ
ਬੇਪਨਾਹ-ਮੁਹੱਬਤ 'ਚ ਗੁਜ਼ਰੇ ਹੋਏ ਪਲ
ਜਿਨ੍ਹਾਂ ਦੀ ਝਰਨਾਹਟ
ਅਜੇ ਵੀ ਤਰੋਤਾਜ਼ਾ ਹੈ
ਤੂੰ ਕੁਝ ਵੀ ਕਹੇਂ
ਤੇਰਾ ਸ਼ਹਿਰ
ਮੇਰਾ ਸ਼ਹਿਰ ਹੈ
ਸ਼ਹਿਰ ਜੋ ਪੂਜਣ ਯੋਗ ਹੈ
ਤੇਰੇ ਲਈ
ਮੇਰੇ ਲਈ
ਗੱਲ ਕੀ,
ਅਸਾਂ ਸਭਨਾਂ ਲਈ
ਏਸੇ ਲਈ ਤੇ
ਧੁਰ ਤੀਕ ਕੰਬ ਜਾਨਾ ਹਾਂ
ਜਦੋਂ ਪੈਂਦੀ ਹੈ
ਕੋਈ ਸੁਲਗਦੀ ਹੋਈ
ਮੇਰੇ ਕੰਨਾਂ 'ਚ
ਉਹਦੇ ਨਾਲ ਸੰਬੰਧਿਤ ਖ਼ਬਰ
ਖ਼ਬਰ !
ਕਿ ਜਿਸ 'ਚ ਮੈਂ ਹੀ ਰੋਜ਼ ਮਰਦਾ ਹਾਂ
ਕਦੇ ਕਿਤੇ ਕਦੇ ਕਿਤੇ
ਮਰਨਾ ਮੇਰਾ ਜੀਵਨ ਹੀ ਹੋ ਨਿਬੜਿਆ ਹੈ
ਇਹ ਲੋਕ
ਪਤਾ ਨਹੀਂ ਕਿਉਂ
ਮੈਨੂੰ ਕਿਸ਼ਤਾਂ ਵਿਚ ਮਾਰਨਾ ਚਾਹੁੰਦੇ ਨੇ
ਮੈਂ ਜਦ ਬੜੀ ਅਸਾਨੀ ਨਾਲ ਮਰ ਰਿਹਾਂ
ਇਹ ਕਿਉਂ ਨਹੀਂ ਸਮਝਦੇ
ਮੈਂ ਹੋਰ ਕੁਝ ਨਹੀਂ ਕਰ ਸਕਦਾ।
ਸਿਰਫ਼, ਮਰ ਹੀ ਸਕਦਾ ਹਾਂ
ਤੇ ਖ਼ਬਰ ਬਣ ਸਕਦਾ ਹਾਂ
ਮੈਂ ਜਦੋਂ
ਖ਼ਬਰ ਦੀ ਪੁਸ਼ਾਕ 'ਚ
ਤੇਰੀਆਂ ਦਹਿਲੀਜ਼ਾਂ 'ਤੇ
ਠੇਡਾ ਲੱਗੇ ਦੌੜਾਕ ਵਾਂਗ
ਆਣ ਡਿੱਗਦਾ ਹਾਂ
ਤੂੰ ਨੀਝ ਨਾਲ
ਮੈਨੂੰ ਪਛਾਨਣ ਦੀ
ਕਦੇ ਕੋਸ਼ਿਸ਼ ਹੀ ਨਹੀਂ ਕਰਦੀ
ਤੂੰ ਆਖੇਂਗੀ
ਭਲਾ ! ਖ਼ਬਰ ਦੀ ਵੀ ਕੋਈ
ਤਮੰਨਾ ਹੁੰਦੀ ਹੈ ?
ਖਾਹਿਸ਼ ਹੁੰਦੀ ਹੈ ?
ਖ਼ਬਰ !
ਜੋ ਜੀਵਤ ਵੀ ਹੁੰਦੀ ਹੈ
ਮੁਰਦਾ ਵੀ,
ਖਬਰ,
ਜੋ ਧਾਰਮਿਕ ਵੀ ਹੁੰਦੀ ਹੈ
ਮੂਲਵਾਦੀ ਵੀ
ਖ਼ਬਰ
ਜੋ ਸੱਚੀ ਵੀ ਹੁੰਦੀ ਹੈ ।
ਮਸਨੂਈ ਵੀ
ਖ਼ਬਰ
ਜੋ ਤਾਜ਼ਾ ਵੀ ਹੁੰਦੀ ਹੈ !
ਬੱਈ ਵੀ
ਖ਼ਬਰ
ਜੋ ਖ਼ਬਰ ਵੀ ਹੁੰਦੀ ਹੈ
ਨਹੀਂ ਵੀ
ਤੇ ਹੋਰ ਬਹੁਤ ਕੁਝ
ਪਰ !
ਹਰ ਖ਼ਬਰ ਦੀ ਤਮੰਨਾ ਹੁੰਦੀ ਹੈ
ਖਾਹਿਸ਼ ਹੁੰਦੀ ਹੈ
ਕਿ ਪਾਠਕ ਜਾਂ ਸ੍ਰੋਤਾ
ਉਸ ਨੂੰ ਆਪਣਿਆਂ ਵਾਂਗ ਮਿਲੇ
ਉਸ ਦੀ ਵੱਕਤ ਜਾਣੇ
ਉਸ ਨੂੰ ਗੌਲੇ
ਆਪਣੀ ਜ਼ਮੀਰ ਨਾਲ
ਸੰਵਾਦ ਰਚਾਵੇ
ਖਾਮੋਸ਼ੀ ਚੋਂ ਬਾਹਰ ਨਿਕਲੇਂ
ਤੂੰ !
ਖਾਮੋਸ਼ੀ ਨੂੰ ਤੋੜੇਂ
ਕੁਝ ਤੇ ਕਹੇਂ
ਸੰਵਾਦ ਤੇ ਰਚੇ
ਏਸੇ ਲਈ ਮੈਂ ਰੋਜ਼
ਖ਼ਬਰ ਬਣ ਕੇ
ਤੇਰੇ ਦਰ 'ਤੇ
ਦਸਤਕ ਦੇਂਦਾ ਰਵਾਂਗਾ
ਤੂੰ !
ਕਦੇ ਤੇ ਖ਼ਬਰ ਵਿੱਚ
ਮੇਰਾ ਮੁਹਾਂਦਰਾ ਸਿਆਣ ਲਵੇਂ
ਤੇ ਮੈਨੂੰ ਪੁੱਛੇਂ
ਤੂੰ ਰੋਜ਼ ਕਿਉ ਮਰਦੈਂ ?
ਤੂੰ ਕਦੋਂ ਤੀਕ ਮਰਦਾ ਰਵ੍ਹੇਂਗਾ ?
ਤੂੰ
ਮੇਰਾ ਕੁਝ ਵੀ ਨਾ ਸਹੀ
ਫਿਰ ਵੀ ਇਹ ਮੇਰੀ ਹਸਰਤ ਹੈ ।
ਇਸ ਤੋਂ ਪਹਿਲਾਂ
ਕਿ ਭੁੱਲ ਜਾਈਏ
ਇਕ ਦੂਜੇ ਦੇ ਨਾਂ
ਆ ! ਇਕ ਵੇਰ ਮਿਲੀਏ, ਪਹਿਲਾਂ ਵਾਂਗ
ਤੇ ਮੁਕਰ ਜਾਈਏ
ਕਿ ਅਸੀਂ ਕਦੇ ਮਿਲੇ ਸਾਂ