ਬੋਲੀਆਂ

ਇਸ ਦੁਨੀਆਂ ਵਿੱਚ ਹਰ ਸ਼ੈ ਵਿਕਦੀ 

ਤੂੰ ਦੱਸ ਕੀ ਕੀ ਲੈਣਾ। 

ਬਈ ਪਾਣੀ ਵਿਕ ਗਿਆ, ਹਵਾ ਵੀ ਵਿਕ ਗਈ

ਹੋਰ ਕੀ ਪਿੱਛੇ ਰਹਿਣਾ। 

ਨੀ ਢਕ ਲੈ ਤਨ ਆਪਣਾ 

ਸ਼ਰਮ ਹਯਾ ਦਾ ਗਹਿਣਾ। 

ਨੀ ਢੱਕ ਲੈ.........! 

ਸਮਾਰਟ ਫ਼ੋਨ ਨੇ ਸਭ ਕੁਝ ਖਾ ਲਿਆ

ਕੀ ਕੈਮਰਾ ਕੀ ਘੜੀਆਂ

ਕਲਮਾਂ ਖਾ ਗਿਆ, ਨਕਸ਼ੇ ਖਾ ਗਿਆ 

ਅੱਖੀਆਂ ਨਾ ਹੁਣ ਲੜੀਆਂ। 

ਬਈ ਚਿੱਠੀਆਂ ਸਾਹਿਬਾਂ ਘੱਲੀਆਂ, 

ਵਟਸਅੱਪ ਤੇ ਮਿਰਜ਼ੇ ਪੜ੍ਹੀਆਂ

ਬਈ ਚਿੱਠੀਆਂ—— 

ਵੀਰ ਤੇਰੇ ਨੇ ਆਈਪੈਡ ਦਿੱਤਾ,

ਆਈਫੋਨ ਮਾਹੀਏ ਲੈਤਾ। 

ਭੁੱਲਗੀ ਸੰਧਾਰੇ,ਵੰਗਾਂ ਵੀ ਭੁੱਲੀਆਂ 

ਤੀਆਂ ਨੂੰ ਬਾਏ ਬਾਏ ਕਹਿਤਾ। 

ਨੀ ਇੱਕੋ ਇੱਕ ਫਿਕਰ ਪਿਆ,

ਕਿਤੇ ਮੁੱਕ ਜਾਏ ਨਾ ਡੈਟਾ। 

ਨੀ ਇੱਕ ਤੈਨੂੰ — 

ਸੁਣ ਬਈ ਗਭਰੂਆ ਲੌਕਟ ਵਾਲਿਆ

ਜ਼ਰਾ ਸੁਣਕੇ ਜਾਈਂ ਸ਼ੁਕੀਨਾ। 

ਆਈਲੈਟ ਕਰ ਲਈ, ਵੀਜ਼ਾ ਲੈ ਲਿਆ 

ਪਾਟੀਆਂ ਪਾ ਲੀਆਂ ਜੀਨਾ। 

ਬਈ ਵਿੱਚ ਤੇਰੀ ਬੈਠਕ ਦੇ

ਕਿੱਦਾਂ ਗੁਟਕੂ ਕਬੂਤਰ ਚੀਨਾ। 

ਬਈ ਵਿੱਚ ਵਿੱਚ ਤੇਰੀ ——-

ਕਰੋਨਾ ਕਰੋਨਾ ਕਰਦੀ ਨੀ ਤੂੰ 

ਮਿੰਨਾ ਮਿੰਨਾ ਜਿਹਾ ਖੰਘਦੀ। 

ਕਾਲਿਜ ਛੁੱਟਿਆ, ਜਿੰਮ ਵੀ ਛੁੱਟ ਗਿਆ

ਮੇਲਿਆਂ ਤੋਂ ਵੀ ਸੰਗਦੀ

ਵਿੱਚ ਦੀ ਮਿੱਤਰਾਂ ਦੇ 

ਮਾਸਕ ਪਾ ਕੇ ਲੰਘਦੀ। 

ਨੀ ਵਿੱਚ ਦੀ ਮਿੱਤਰਾਂ ਦੇ —-

ਰਾਂਝਣ ਅੱਜ-ਕੱਲ੍ਹ ਬੰਦੇ ਚਾਰੇ 

ਹੀਰ ਪੀਜ਼ੇ ਖਾਂਦੀ ਰਹਿ ਗਈ

ਪੁੰਨੂ ਟੀਕਾ ਲਾ ਕੇ ਸੌਂ ਗਿਆ 

ਸੱਸੀ ਸੀ ਚਲਾ ਕੇ ਪੈ ਗਈ। 

ਬਈ ਪਾਣੀ ਵਿੱਚ ਬੱਸ ਚਲਪੀ, 

ਸੋਹਣੀ ਟਿਕਟ  ਕਟਾਕੇ ਬਹਿ ਗਈ

ਵੇ ਪਾਣੀ ਬੱਸ ਚਲਦੀ —-

📝 ਸੋਧ ਲਈ ਭੇਜੋ