ਚੱਚਾ ਚਿੱਤ ਮੇਂ ਸੋਚ ਵਿਚਾਰ ਜਿੰਦੇ, ਏਸ ਜੱਗ ਤੇ ਬਿਸਤਰੇ ਕੂਚ ਦੇ ਨੀਂ।
ਖ਼ਾਲੀ ਹੱਥ ਜਹਾਨ ਤੋਂ ਚਲਨਾ ਈਂ, ਦਾਵੇ ਬੰਨ੍ਹਦੀ ਦੁਨੀਆਂ ਝੂਠ ਦੇ ਨੀਂ।
ਜਿੰਦੇ ਖ਼ਾਕ ਜ਼ਮੀਨ ਮੇਂ ਰਲ ਜਾਣਾ, ਕਰੇਂ ਗਰਬ-ਗੁਮਾਨ ਕੀ ਰੂਪ ਦੇ ਨੀਂ।
ਮੌਤ ਬਿਜਲੀ ਹੈ ਤੇਰੇ ਨੜੇ ਜਿੰਦੇ, ਚੜ੍ਹੀ ਫਿਰੇਂ ਹੰਕਾਰ ਦੇ ਊਠ ਦੇ ਨੀਂ।
ਸੋਈ ਕਰਣਗੇ ਅੰਤ ਉਜਾੜ ਵਾਸਾ, ਸਦਾ ਰਹਿਣ ਜੋ ਪਾਲਕੀ ਝੂਲ ਦੇ ਨੀਂ।
ਕਿਹੜਾ ਪੁਰਸ਼ ਛਡਾਇਓ ਓਸ ਤਾਈਂ, ਜਿਹੜਾ ਫੜਿਆ ਹੱਥ ਜਮਦੂਤ ਦੇ ਨੀਂ।
ਕਾਰੀਗਰ ਹੈ ਕੌਣ ਬਣਾਉਣ ਵਾਲਾ, ਟੁੱਟੇ ਜੋੜ ਸਰੀਰ ਸੰਦੂਕ ਦੇ ਨੀਂ।
ਆਈ ਆਪਣੀ ਨਾਲ ਇਨਸਾਨ ਮਰਨਾ, ਜੱਗ ਭਰਮ ਕਰੇਂਦੜਾ ਭੂਤ ਦੇ ਨੀਂ।
ਤਿੰਨ ਗੱਲਾਂ ਅੱਗੇ ਦਸੋ ਕੌਣ ਵਲੀ, ਮੌਤ ਭੁੱਖ ਨਿਮਾਨੜੇ ਦੂੱਖ ਦੇ ਨੀਂ।
ਰਾਮ ਨਾਮ ਦੀ ਲੁੱਟ ਜਹਾਨ ਅੰਦਰ, ਕੋਈ ਵਿਰਲੇ ਪੁਰਸ਼ ਵੀ ਲੂੱਟ ਦੇ ਨੀਂ।
ਲੱਖਾਂ ਜੱਗ ਦੇ ਫਿਰਨ ਵਪਾਰ ਕਰਦੇ, ਖੰਘਦਾ ਰਹੇ ਪਾਪ ਤੇ ਝੂੱਠ ਦੇ ਨੀਂ ।
ਥੋੜੇ ਚੱਟਦੇ ਸਿਲਾਂ ਅਲੂਣੀਆਂ ਨੂੰ, ਬਾਜ ਵਿਸ਼ੇ ਦੇ ਰਸਾਂ ਨੂੰ ਚੂਸਦੇ ਨੀਂ।
ਜੇਕਰ ਸੰਤ ਨ ਵੇਦ ਪੁਰਾਨ ਹੁੰਦੇ, ਕੌਣ ਰੱਬ ਨੂੰ ਜਾਨਦੇ ਪੂੱਛਦੇ ਨੀਂ ।
ਸੋਈ ਆਣ ਪਰ ਮੁਲਕ ਦੀ ਖ਼ਬਰ ਦਿੰਦੇ, ਜਿਨ੍ਹਾਂ ਸੈਲ ਕੀਤੇ ਚਾਰ ਕੂੰਟ ਦੇ ਨੀਂ ।
ਵਿੱਚੋਂ ਚਿੱਤ ਨੂੰ ਨਾਮ ਦੀ ਮੈਲ ਲੱਗੀ, ਉਤੋਂ ਮਾਸ ਸਰੀਰ ਨੂੰ ਕੂਚਦੇ ਨੀਂ।
ਦਸੀਂ ਜੱਗ ਤੇ ਪਾਕ ਇਨਸਾਨ ਕਿਹੜੇ, ਸਾਰੇ ਭਰੇ ਹੈਂ ਮੈਲ ਤੇ ਮੂਤ ਦੇ ਨੀਂ।
ਸੋਈ ਪਾਕ ਜੋ ਪੱਟੜੇ ਭਜਨ ਉੱਤੇ, ਇਸ ਦਿਲ ਦਾ ਕੱਪੜਾ ਕੂਟਦੇ ਨੀਂ ।
ਤਾਰ ਬੋਲਦੇ ਪੁਰਖ ਦੀ ਵੱਜ ਰਹੀ, ਇਸ ਵਿੱਚ ਸਰੀਰ ਤੇ ਊਸਦੇ ਨੀਂ।
ਜ਼ਾਲਮ ਜਮ ਬੇਦਰਦ ਸਰੀਰ ਵਿੱਚੋਂ, ਗੰਨੇ ਵਾਂਗਰਾਂ ਰੱਤ ਨੂੰ ਚੂਪਦੇ ਨੀਂ।
ਦੇਵਾ ਸਿੰਘ ਮੇਲੇ ਰਹਿਣੇ ਦਿਨ ਥੋੜੇ, ਇਸ ਰੂਹ ਤੇ ਬੁਤ ਕਲਬੂਤ ਦੇ ਨੀਂ।