ਚੱਚਾ ਆਖਦਾ ਚਿੱਤ ਮੇਂ ਸੋਚ ਬੰਦੇ, ਵਾਰ-ਵਾਰ ਨਹੀਂ ਜੱਗ ਤੇ ਆਵਣਾ ਈ।

ਲਾਲੀ ਉੱਡ ਕਾਫ਼ੂਰ ਦੇ ਵਾਂਗ ਜਾਣੀ, ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ। 

ਰੱਖੀਂ ਸਾਂਭ ਕੇ ਆਪਣਾ ਅਮਲਨਾਮਾ, ਜਿਹੜਾ ਜਾਇਕੇ ਅਗਾਂਹ ਦਿਖਲਾਵਣਾ ਈ। 

ਕਿਸੇ ਨਾਲ ਸਬੱਬ ਦੇ ਆਇਆ ਏਂ, ਨਹੀ ਜਨਮ ਅਮੋਲ ਥਿਆਵਣਾ ਈ। 

ਅੱਗੇ ਜਾਵਣੇ ਦਾ ਬੰਦੋਬਸਤ ਕਰ ਲੈ, ਆਖ਼ਰਕਾਰ ਨੂੰ ਤੈਂ ਪੱਛੋਤਾਵਣਾ ਈ। 

ਜਿਹੜਾ ਵਿਚ ਬਦਫ਼ੈਲੀਆਂ ਗੁਜ਼ਰ ਚੁੱਕਾ, ਗਿਆ ਵਕਤ ਫਿਰ ਹੱਥ ਨਾ ਆਵਣਾ ਈ। 

ਫ਼ਿਕਰ ਜਿਨ੍ਹਾਂ ਨੂੰ ਅਗਾਂਹ, ਦੇ ਜਾਵਣੇ ਦਾ, ਤਿਨ੍ਹਾਂ ਰਾਤ ਕੀ ਆਪਣਾ ਸਾਵਣਾ ਈ। 

ਹੱਥੀਂ ਆਪਣੀ ਜੀਂਵਦੇ ਦਾਨ ਕਰੀਦੇ, ਮੋਇਆਂ ਬਾਦ ਕਿਸੇ ਪਹੁੰਚਾਵਣਾ ਈ। 

ਨਹੀਂ ਕੱਲ੍ਹ ਦੀ ਆਸ-ਉਮੈਦ ਕੋਈ, ਅੱਜ ਕਰੀਂ ਜੋ ਕਰਮ ਕਮਾਵਣਾ ਈ। 

ਕਾਹਨੂੰ ਵਲ੍ਹਦਾ ਐਡ ਵਲਾਵਿਆਂ ਨੂੰ, ਤਿੰਨ ਹੱਥ ਮਕਾਨ ਥਿਆਵਣਾ ਈ। 

ਜਿਹਨੂੰ ਕੇਵੜੇ ਦਾ ਇਸਤੇਮਾਲ ਕਰਦਾ, ਬੁਤ ਖ਼ਾਕ ਦੇ ਵਿੱਚ ਸਮਾਵਣਾ ਈ। 

ਇਕ ਰੋਜ਼ ਨੂੰ ਆਵਣੀ ਨੀਂਦ ਗਾੜ੍ਹੀ, ਨਹੀਂ ਸੁੱਤਿਆਂ ਕਿਸੇ ਜਗਾਵਣਾ ਈ। 

ਸਦਾ ਸਵੇਂ ਤੂੰ ਲੇਫ਼-ਤੁਲਾਈਆਂ ਤੇ, ਅੰਤ ਹੋਵਣਾ ਖ਼ਾਕ ਵਿਛਾਵਣਾ ਈ। 

ਜਦੋਂ ਜ਼ਾਲਮਾਂ ਨੇ ਗ੍ਰਿਫ਼ਤਾਰ ਕੀਤਾ, ਭਾਈ-ਬੰਦ ਨਾ ਕਿਸੇ ਛੁਡਾਵਣਾ ਈ। 

ਸੁੰਦਰ ਮੁੱਖੜਾ ਰੰਗ ਅਜੈਬ ਤੇਰਾ, ਟੁੱਟੇ ਫੁੱਲ ਦੇ ਵਾਂਗ ਕੁਮਲਾਵਣਾ ਈ। 

ਪੰਜ-ਤੱਤ ਦਾ ਉੱਸਰਿਆ ਬੁਰਜ ਪਿਆਰੇ, ਅੰਤ ਮੌਤ ਦੀ ਕਹੀ ਨੇ ਢਾਵਣਾ ਈ। 

ਜਮਾਂ ਕੱਢ ਕੇ ਲਿਆਵਣੀ ਲਬਾਂ ਉੱਤੇ, ਏਸ ਜਿੰਦ ਨੇ ਪਿਛਾਂਹ ਨੂੰ ਜਾਵਣਾ ਈ। 

ਜਦੋਂ ਦੇਹ ਤੋਂ ਹੋਣਗੇ ਪ੍ਰਾਨ ਨਿਆਰੇ, ਤੈਨੂੰ ਭੂਤ-ਪਰੇਤ ਬਤਲਾਵਣਾ । 

ਡੰਡੀ, ਮੁਰਕੀਆਂ, ਹਾਰ-ਸ਼ਿੰਗਾਰ ਪਿਆਰੇ, ਛੱਲੇ ਛਾਪ ਨੂੰ ਹੱਥ ’ਚੋਂ ਲਾਹਵਣਾ । 

ਖੱਟਾ ਪਾਇ ਕੇ ਸੀਸ ਦੇ ਵਿੱਚ ਤੇਰੇ, ਜਾਂਦੀ ਵਾਰ ਇਸ਼ਨਾਨ ਕਰਾਵਣਾ ਈ। 

ਮਿਣਕੇ ਅੱਡੀਓਂ ਚੋਟੀਓਂ ਦੇਹ ਤੇਰੀ, ਕਫ਼ਨ ਬਦਨ ਦੇ ਮੇਚ ਦਾ ਪਾਵਣਾ ਈ। 

ਡੋਲੀ ਕਾਨ੍ਹ ਦੀ ਪਾਇਕੇ ਬੰਦਿਆ ਓਏ, ਚਵ੍ਹਾਂ ਜਣਿਆਂ ਨੇ ਕੰਧੇ ਉਠਾਵਣਾ ਈ। 

ਘਰੋਂ ਚੁੱਕਕੇ ਬਾਹਰ ਲੈ ਜਾਣਗੇ ਓਹ, ਝੂੱਟਾ ਆਖ਼ਰੀ ਵਾਰ ਦਾ ਆਵਣਾ । 

ਅੰਤ ਪਿਆਰੀਆਂ ਅੰਗ ਸਹੇਲੀਆਂ ਨੇ, ਖ਼ਾਤਰ ਵਿਦਿਆ ਕਰਨ ਦੀ ਜਾਵਣਾ ਈ। 

ਦੱਬ ਫੂਕ ਕੇ ਝਾਕ ਮੁਕਾਇ ਤੇਰੀ, ਡੱਕੇ ਸਿੱਟ੍ਹ ਕੇ ਘਰਾਂ ਨੂੰ ਆਵਣਾ ਈ।

ਜਿਥੇ ਬਰਸ ਗੁਜ਼ਾਰ ਲਏ ਦਯਾ ਸਿੰਘਾ, ਔਖਾ ਬਣ ਗਿਆ ਰਾਤ ਕਟਾਵਣਾ ਈ। 

📝 ਸੋਧ ਲਈ ਭੇਜੋ