ਚਲੋ ਕੀ ਹੋ ਗਿਆ

ਚਲੋ ਕੀ ਹੋ ਗਿਆ ਮੰਜ਼ਿਲ ਜੇ ਹਾਲੇ ਦੂਰ ਹੈ ਯਾਰੋ

ਅਸਾਡਾ ਸਿਦਕ ਵੀ ਤਾਂ ਦੂਰ ਤਕ ਮਸ਼ਹੂਰ ਹੈ ਯਾਰੋ

ਮੇਰੀ ਬਚਪਨ ’ਚ ਖ਼ਾਹਿਸ਼ ਸੀ ਕਿ ਮੈਂ ਤਾਂ ਚੰਨ ਲੈਣਾ ਹੈ

ਤੇ ਹੁਣ ਜਿਸਦੀ ਤਮੰਨਾ ਹੈ ਨਿਰਾ ਉਹ ਨੂਰ ਹੈ ਯਾਰੋ

ਮੇਰੇ ਮੌਲਾ ਨੇ ਬਖ਼ਸ਼ੀ ਹੈ ਅਮੀਰੀ ਇਸ਼ਕ ਦੀ ਮੈਨੂੰ

ਖ਼ਜ਼ਾਨਾ ਹੁਸਨ ਦਾ ਉਸ ਕੋਲ ਜੇ ਭਰਪੂਰ ਹੈ ਯਾਰੋ

ਤਸੀਹੇ ਦੇਣ ਵਾਲੇ ਜਾਣਦੇ ਨਾ ਹੌਸਲਾ ਸਾਡਾ

ਕਿ ਸਾਨੂੰ ਵਾਰ ਦੇਣੀ ਜਾਨ ਵੀ ਮਨਜ਼ੂਰ ਹੈ ਯਾਰੋ

ਮੇਰੇ ਸੱਚ ਦੇ ਸਿਰ੍ਹਾਣੇ ਜੇ ਪਈ ਸੂਲੀ ਤਾਂ ਕੀ ਹੋਇਆ

ਮੇਰੇ ਸੁਪਨੇ ’ਚ ਆਉਂਦਾ ਰੋਜ਼ ਹੀ ਮਨਸੂਰ ਹੈ ਯਾਰੋ

📝 ਸੋਧ ਲਈ ਭੇਜੋ