ਚੰਨ ਇਕ ਰੋਜ ਚੜ੍ਹੇ

ਮੇਰੇ ਅੰਦਰ ਚੰਨ ਇਕ ਰੋਜ ਚੜ੍ਹੇ 

ਕਵਿਤਾ ਦਾ ਕਰਜ਼ ਉਤਾਰਣ ਲਈ 

ਰੂਹ ਰੋਜ਼ ਹਨੇਰੇ ਨਾਲ ਲੜੇ

ਆਦਮ ਤੋਂ ਬੰਦਾ ਸਿਰਜਣ ਲਈ 

ਏਥੇ ਲੱਖ ਵਾਰੀ ਭਗਵਾਨ ਆਏ 

ਕੁਦਰਤ ਕਰਾਂ ਇਬਾਦਤ ਮੈਂ 

ਏਥੇ ਇਕ ਵਾਰੀ ਇਨਸਾਨ ਆਏ 

ਹੋਵੇ ਸਦਾ ਸਦੀਵੀ ਸੂਰਜ ਉਹ 

ਸ਼ਾਇਰੀ ਸਿਰ ਸਰਘੀ ਤਾਜ ਧਰੇ 

ਰੂਹ ਰੋਜ਼ ਹਨੇਰੇ ਨਾਲ ਲੜੇ

ਸੂਲੀ ਦੀ ਸ਼ਹਾਦਤ ਜੋ ਸਿਰਜੇ 

ਸੂਲਾਂ ਦੀ ਸੇਜ ਦੀ ਪੀੜ ਜਰੇ 

ਫੁੱਲਾਂ ਦੀ ਇਬਾਦਤ ਜੇ ਲਿਖਣੀ 

ਕੰਡਿਆਂ ਤੇ ਵੀ ਨੰਗੇ ਪੈਰ ਧਰੇ 

ਜੇ ਰਾਹ ਨਵਿਆਂ ’ਤੇ ਤੁਰਨਾ ਏ 

ਪਹਿਲਾਂ ਹੱਥ ਆਪਣੇ ’ਤੇ ਸੀਸ ਧਰੇ 

ਰੂਹ ਰੋਜ਼ ਹਨੇਰੇ ਨਾਲ ਲੜੇ

ਮੇਰੇ ਸ਼ਾਇਰ ਯਾਰ ਤਪੱਸਵੀ ਨੇ 

ਹਰਫਾਂ ਨੂੰ ਬਹੁਤ ਧਿਆਉਂਦੇ ਨੇ

ਸਦਾ ਤੋਲ ਤੁਕਾਂਤ ਤਰਤੀਬ ਰਹੇ 

ਸ਼ਬਦਾਂ ਨੂੰ ਸੋਹਜ ਸਿਖਾਉਂਦੇ ਨੇ 

ਅਰਥਾਂ ਦੇ ਅਦਬ ਦੀ ਨਹੀਂ ਚਿੰਤਾ 

ਚਿੰਤਨ ਦੀ ਸੂਲੀ ਕੌਣ ਚੜ੍ਹੇ 

ਰੂਹ ਰੋਜ਼ ਹਨੇਰੇ ਨਾਲ ਲੜੇ

ਜੋ ਅਦਬ ਅਦੀਬ ਆਲੋਚਕ ਨੇ 

ਬੜੀ ਸਾਹਿਤ ਤਪੱਸਿਆ ਕਰਦੇ ਨੇ 

ਧੜਿਆਂ ਦਾ ਧੂੰਆਂ ਧੁਖਾਉਂਦੇ ਨੇ 

ਹਉਮੇ ਦੀ ਧੂਣੀ ਸੜਦੇ ਨੇ 

ਰੁਤਬੇ ਦਾ ਸਿਰ ਸਿਰਤਾਜ ਰਹੇ 

ਗਰਜ਼ਾਂ ਦੀ ਗੁਫਾ ਧਿਆਨ ਧਰੇ 

ਰੂਹ ਰੋਜ਼ ਹਨੇਰੇ ਨਾਲ ਲੜੇ

ਉਹ ਕਿੱਥੇ ਵਕਤ ਵਿਹਾਜ ਗਏ 

ਕੀਤੇ ਲੋਕਾਂ ਸੰਗ ਇਕਰਾਰ ਬੜੇ 

ਹਰ ਮੋੜ ਸਲੀਬਾਂ ਚੁੰਮਾਂਗੇ 

ਮਕਤਲ ਲਈ ਫ਼ਿਦਾ ਸੀ ਯਾਰ ਬੜੇ 

ਮੰਨਿਆ ਕਿ ਰਾਤ ਲੰਮੇਰੀ ਏ 

ਚਾਨਣ ਵੀ ਨਹੀਂ ਬਹੁਤਾ ਦੂਰ ਪਰੇ

ਰੂਹ ਰੋਜ਼ ਹਨੇਰੇ ਨਾਲ ਲੜੇ

ਦੁਬਿਧਾ ਦੀ ਦੰਭ ਦਰਿਸ਼ਟੀ ਨੇ 

ਅਮਲਾਂ ਦਾ ਪਾਠ ਪੜਾਇਆ ਨਾ 

ਸਸਤੀ ਜਿਹੀ ਸ਼ੋਹਦੀ ਸ਼ੋਹਰਤ ਨੇ 

ਸਾਨੂੰ ਕਿਸੇ ਕਿਨਾਰੇ ਲਾਇਆ ਨਾ 

ਜੂਝਣ ਲਈ ਅਗਨ ਤਿਆਰ ਸਦਾ 

ਮੱਚਣ ਲਈ ਕੋਈ ਤਾਂ ਚਿਣਗ ਧਰੇ 

ਰੂਹ ਰੋਜ਼ ਹਨੇਰੇ ਨਾਲ ਲੜੇ

ਸਭ ਸ਼ਾਇਰਾਂ ਨੂੰ ਨਤਮਸਤਕ ਹਾਂ 

ਮੇਰੇ ਲਈ ਪੀਰ ਪੈਗੰਬਰ ਨੇ 

ਕੋਈ ਇਕ ਅੱਧ ਪੋਰਸ ਰਹਿ ਜਾਂਦਾ 

ਬਣ ਗਏ ਸਭ ਸਾਹਿਤ ਸਿਕੰਦਰ ਨੇ 

ਹੁਣ ਵੀ ਤਾਂ ਜਾਬਰ ਬਾਬਰ ਨੇ 

ਨਾਨਕ ਜਿਹੀ ਕੋਈ ਤਾਂ ਗੱਲ ਕਰੇ 

ਰੂਹ ਰੋਜ਼ ਹਨੇਰੇ ਨਾਲ ਲੜੇ

📝 ਸੋਧ ਲਈ ਭੇਜੋ