ਚੰਨ ਸਿਤਾਰੇ ਫੜਨ ’ਚ ਐਵੇਂ ਜਿੰਦ ਨਿਮਾਣੀ ਲੀਨ ਰਹੀ
ਨਾ ਅੰਬਰ ਤੱਕ ਪਹੁੰਚ ਸਕੀ ਨਾ ਪੈਰਾਂ ਹੇਠ ਜ਼ਮੀਨ ਰਹੀ
ਇਹ ਜਾਣਦਿਆਂ ਕਿਧਰੇ ਨਾ ਮਿਲਦੇ ਧਰਤੀ ਅੰਬਰ ਪਰ ਫਿਰ ਵੀ
ਰੀਝ ਵਿਚਾਰੀ ਇਕ ਸੁਪਨੇ ’ਤੇ ਕਰਦੀ ਬਹੁਤ ਯਕੀਨ ਰਹੀ
ਚੰਗਾ ਹੈ ਜੇ ਸ਼ੋਖ਼ ਹਵਾ ਦਾ ਚੇਤਾ ਬਿਲਕੁਲ ਨਾ ਆਵੇ
ਗ਼ਮਗੀਨ ਸਗੋਂ ਕਰ ਜਾਂਦੀ ਹੈ ਜੋ ਰੱੁਤ ਬੜੀ ਰੰਗੀਨ ਰਹੀ
ਰੰਗ ਗੁਲਾਬੀ ਕੀਲ ਨ ਹੋਇਆ ਦਿਲ ’ਤੇ ਵੱਜਦੇ ਡੰਗ ਰਹੇ
ਕੁਝ ਤਾਂ ਮੇਰੀ ਕਿਸਮਤ ਸੀ ਕੁਝ ਸਾਜਿਸ਼ ਰਚਦੀ ਬੀਨ ਰਹੀ
ਓਸ ਨਦੀ ਨੇ ਪਿਆਸ ਮੇਰੀ ਨੂੰ ਸ਼ਾਂਤ ਭਲਾ ਕੀ ਕਰਨਾ ਸੀ
ਜੋ ਪਾਣੀ ’ਤੇ ਤਰਦਾ ਸੂਰਜ ਵੇਖਣ ਦੀ ਸ਼ੌਕੀਨ ਰਹੀ