ਚੰਨਾ ਸਾਨੂੰ ਮਨਸ ਦੇਈਂ
ਤੇਰੇ ਅੰਬਰਾਂ ਤੇ ਕਿੰਨੇ ਸਾਰੇ ਤਾਰੇ
ਝੰਗ ਨਾਲੋਂ ਸਾਂਝ ਟੁੱਟ ਗਈ
ਸਾਡੇ ਰੁੱਸਗੇ ਨੇ ਤਖਤ ਹਜ਼ਾਰੇ
ਜਿੰਦ ਅਲਕ ਵਛੇਰੀ
ਵਾਟ ਮੋਹ ਦੀ ਲੰਮੇਰੀ
ਧੁੱਪ ਸਮੇਂ ਦੀ ਤਿਖੇਰੀ
ਸਾਥੋਂ ਯਾਰ ਵਿਛੜਗੇ ਸਾਰੇ
ਇਸ਼ਕ ਅੱਲਾ ਦੀ ਏ ਜਾਤ
ਪਿਆਰ ਪੁੱਨਿਆਂ ਦੀ ਰਾਤ
ਮਾਹੀ ਪੁੱਛਦਾ ਨਹੀਂ ਵਾਤ
ਅਸੀਂ ਕਰ ਕਰ ਮਿੰਨਤਾਂ ਹਾਰੇ
ਕੱਲ੍ਹੇ ਘੁੱਪ ਨੇਰ੍ਹੀ ਰਾਤ
ਮਿਲੇ ਮਿੱਤਰਾਂ ਦਾ ਸਾਥ
ਪਾਈਏ ਦੁੱਖਾਂ ਵਾਲੀ ਬਾਤ
ਸਾਨੂੰ ਜਿੰਦ ਨਾਲੋਂ ਦੁੱਖ ਨੇ ਪਿਆਰੇ
ਰਹੀ ਸਦਾ ਇਹ ਉਡੀਕ
ਕੋਈ ਪੀਵੇ ਲਾ ਕੇ ਡੀਕ
ਤੋੜੇ ਜੱਗ ਵਾਲੀ ਗੀਤ
ਪੁੰਨ ਪਾਪ ਹੰਢਾ ਲਏ ਅਸਾਂ ਸਾਰੇ
ਮਿਲੀਂ ਸ਼ਗਨਾਂ ਦੇ ਵਾਂਗ
ਵਰ੍ਹੀਂ ਬੱਦਲਾਂ ਦੇ ਵਾਂਗ
ਰੁੱਸੀਂ ਸੱਜਣਾਂ ਦੇ ਵਾਂਗ
ਸਾਡੇ ਅਜੇ ਤੀਕ ਚਾਅ ਨੇ ਕੁਆਰੇ