ਡੱਡਾ ਡੁੱਬਕੇ ਮਰੇ ਸੰਸਾਰ ਸਾਗਰ, ਹੋਈ ਜਿਨ੍ਹਾਂ ਦਾ ਕੁੱਝ ਵਿਚਾਰ ਨਾਹੀਂ ।

ਉਮਰ ਸੁੱਤਿਆਂ ਗਈ ਵਹਾਇ ਸਾਰੀ, ਸੁਣੀ ਵੇਦ ਦੀ ਕੂਕ ਪੁਕਾਰ ਨਾਹੀਂ ।

ਤਿੱਚਰ ਰਹਿਣ ਬੱਚੇ ਵਿੱਚ ਆਲ੍ਹਣੇ ਦੇ, ਜਿੱਚਰ ਹੋਂਵਦੇ ਖ਼ੂਬ ਉਡਾਰ ਨਾਹੀਂ ।

ਕਰੇ ਪਾਪ ਬਦਫ਼ੈਲੀਆਂ ਜੱਗ ਉੱਤੇ, ਸੂਝੇ ਜਮਾਂ ਦੀ ਗੁਰਜ-ਕਟਾਰ ਨਾਹੀਂ ।

ਨਹੀਂ ਓਸਦੇ ਨਾਮ ਦਾ ਜਾਪ ਕੀਤਾ, ਜੀਹਦਾ ਆਦਮੀ ਥੀਂ ਅੰਤ ਸ਼ੁਮਾਰ ਨਾਹੀਂ ।

ਬੰਦੇ ਪਾਪ ਤੇ ਪੁੰਨ ਦਾ ਗਿਆਨ ਤੈਨੂੰ, ਜਾਣ ਬੁੱਝ ਕੇ ਕਾਜ ਵਿਗਾੜ ਨਾਹੀਂ ।

ਜਦੋਂ ਮੂਰਖਾ ਜਮਾਂ ਨੇ ਆਨ ਫੜਿਆ, ਭਾਈਬੰਦ ਛੁਡਾਂਵਦਾ ਯਾਰ ਨਾਹੀਂ ।

ਜਿਹੜਾ ਨਾਮ ਦੇ ਮਾਲ ਦੀ ਕਰੇ ਗਾਹਕੀ, ਇਸ ਨਾਲ ਦਾ ਹੋਰ ਬਪਾਰ ਨਾਹੀਂ ।

ਜਿਹੜਾ ਸੱਚੇਨਾਮ ਦੇ ਧੱਨ ਸੱਚ ਬੋਲੇ, ਉਸ ਪੁਰਸ਼ ਦੇ ਜਿਹਾ ਸੱਚਿਆਰ ਨਾਹੀਂ ।

ਹੋਰ ਅਮਲ ਉਪਾਧੀਆਂ ਜੱਗ ਉੱਤੇ, ਅੰਨ ਨਾਲ ਦਾ ਹੋਰ ਅਧਾਰ ਨਾਹੀਂ।

ਬਾਣੀ ਸੋ ਜੋ ਹਿਫ਼ਜ਼ ਤੇ ਕੰਠ ਹੈ ਜੀ, ਪੈਸੇ ਗੰਠ ਦੇ ਨਾਲ ਦਾ ਯਾਰ ਨਾਹੀਂ ।

ਘੜੀ ਬਿੰਦ ਵੀ ਕੰਮ ਨ ਜਬਰ ਹੋਵੇ, ਮੌਤ ਨਾਲ ਦਾ ਹੋਰ ਤਕਰਾਰ ਨਾਹੀਂ ।

ਜਿਹੜਾ ਲੰਮੀਆਂ ਤਾਣਕੇ ਮਰਨ ਲੱਗਾ, ਓਸ ਨਾਲ ਦਾ ਹੋਰ ਤਿਆਰ ਨਾਹੀਂ ।

ਜੀਦੀ ਜਿੰਦ ਲੁਟੀ ਜਮਾਂ ਖੇੜੂਆਂ ਨੇ, ਏਦੂੰ ਹੋਰ ਨੁਕਸਾਨ ਸੰਸਾਰ ਨਾਹੀਂ ।

ਜੇਕਰ ਏਸਦੇ ਵਿੱਚ ਨਾ ਹਾਰ ਹੋਵੇ, ਜੂਏ ਨਾਲ ਦਾ ਕੋਈ ਵਪਾਰ ਨਾਹੀਂ ।

ਔਰਤ ਜਿਹਾ ਵਜ਼ੀਰ ਨਾ ਹੋਰ ਕੋਈ ਹੋਵੇ ਆਗਿਆਕਾਰ ਬਦਕਾਰ ਨਾਹੀਂ ।

ਦਿਸੇ ਧਰਤ ਹਰਿਆਵਲੀ ਬਿਰਛ ਫੁੱਟਣ, ਚੇਤ ਨਾਲ਼ ਦੀ ਰੁੱਤ ਬਹਾਰ ਨਾਹੀਂ ।

ਸਰਬ ਲੱਖ ਚੁਰਾਸੀ ਹੈ ਜੂਨ ਵਿਚੋਂ, ਮਾਨਸ ਜਨਮ ਦੇ ਜਿਹਾ ਸਰਦਾਰ ਨਾਹੀਂ ।

ਏਸ ਜੱਗ ਦੇ ਪਸ਼ੂ ਲਵੇਰਿਆਂ 'ਚੋਂ, ਮੱਝ ਨਾਲ ਦੀ ਐਸ਼-ਬਹਾਰ ਨਾਹੀ ।

ਜਿਹੜਾ ਸਰਬ ਜੀ-ਜੰਤ ਨੂੰ ਰਿਜ਼ਕ ਦੇਵੇ, ਓਸ ਨਾਲ ਦਾ ਹੋਰ ਦਾਤਾਰ ਨਾਹੀਂ ।

ਸੂਰਜ ਚੜ੍ਹੇ ਦਾ ਅੰਨ੍ਹੇ ਨੂੰ ਆਸਰਾ ਕੀ, ਸੂਰਜ ਨੇਤਰਾਂ ਜਿਹਾ ਸੰਸਾਰ ਨਾਹੀਂ ।

ਮੂਰਤ ਨਾਹੀਂ ਅਜੈਬ-ਘਰ ਨਾਲ ਦੀ ਹੈ, ਚਿੜੀਏ-ਘਰ ਜੇਹਾ ਦੀ ਪੁਕਾਰ ਨਾਹੀਂ ।

ਕੋਠਾ ਨਹੀਂ ਜੋ ਬਨੇ ਅਸਮਾਨ ਜੇਹਾ, ਚੰਦ ਸੂਰ ਜਿਹਾਂ ਦੀ ਪੁਕਾਰ ਨਾਹੀਂ ।

ਛੱਤਿਆ ਕੁਦਰਤੀ ਰੱਬ ਉਸਮਾਨ ਕੋਠਾ, ਥੰਮ੍ਹੀ ਕੜ ਸਰੀ ਤੋਂ ਬਾਹਰ ਨਹੀਂ ।

ਸਤਜੁਗ ਦੇ ਜੇਹੀ ਨ ਸਤਿਆ ਜੀ, ਕੱਲੂ ਨਾਲ ਦਾ ਪਾਪ ਵਿਕਾਰ ਨਾਹੀਂ ।

ਜੀਹਨੂੰ ਰੱਬ ਦੇਵੇ ਪਿਆਰੇ ਤੰਦਰੁਸਤੀ, ਨਿਆਮਤ ਏਸਦੇ ਸਹੀ ਸੰਸਾਰ ਨਾਹੀਂ।

ਜਿਹੜੇ ਪੁਰਸ਼ ਨੂੰ ਆਪ ਕਰਤਾਰ ਦੇਵੇ, ਰੂਪ ਨਾਲ ਦਾ ਹਾਰ-ਸ਼ਿੰਗਾਰ ਨਾਹੀਂ ।

ਸੱਤਰ ਹੋਣ ਭਾਵੇਂ ਗਿਆਰੇ ਪਿੰਡ ਵੱਡੇ, ਸ਼ਹਿਰਾਂ ਨਾਲ ਦੀ ਕਦੇ ਗੁਲਜ਼ਾਰ ਨਾਹੀਂ ।

ਉੱਤੇ ਘੋੜਿਆਂ ਰੋਕ ਕੰਗਾਲ ਚੱੜ੍ਹਦੇ, ਉੱਚਾ ਹਾਥੀਆਂ ਪਰ੍ਹੇ ਅਸਵਾਰ ਨਾਹੀਂ।

ਜਿਹੜਾ ਠੱਗ ਕੇ ਖਾਵਣਾ ਕਿਸੇ ਪਾਸੋਂ, ਇਸ ਨਾਲ ਦਾ ਹੋਰ ਮੁਰਦਾਰ ਨਾਹੀਂ ।

ਹੀਣੇ ਅੰਗ ਹੈਂ ਜਿਨ੍ਹਾਂ ਦੇ ਖਾਣ ਧੱਕੇ, ਨੈਣ ਨਾਲ ਦਾ ਜੱਗ ਤੇ ਯਾਰ ਨਾਹੀਂ।

ਤਾਰੇ ਜਿਵੇਂ ਨਾ ਹੋਂਵਦੇ ਰਾਤ-ਬਾਝੋਂ, ਚੰਦ-ਸੂਰਜੋਂ ਬਿਨਾਂ ਪਰਵਾਰ ਨਾਹੀਂ ।

ਚੰਦਾ ਜੇਹਾ ਨ ਸੀਤਲ ਹੈ ਹੋਰ ਕੋਈ, ਸੂਰਜ ਨਾਲ ਦਾ ਤੇਜ਼ ਬਲਕਾਰ ਨਾਹੀਂ ।

ਦੇਵਾ ਸਿੰਘ ਮੇਰੇ ਜੈਸਾ ਜੱਗ ਉੱਤੇ, ਮੰਦ ਮਤੀ ਪਾਪੀ ਗੁਨਾਹਕਾਰ ਨਾਹੀਂ ।

📝 ਸੋਧ ਲਈ ਭੇਜੋ