ਦੱਦਾ ਆਖਦਾ ਦੇਖ ਅਸਚਰਜ ਹਾਂ ਮੈਂ, ਰੱਖਾਂ ਤੇਰੀਆਂ ਬੇਪਰਵਾਹੀਆਂ ਨੂੰ।

ਇਕ ਤਰਸਦੇ ਸਿੱਕਿਆਂ ਟੁਕੜਿਆਂ ਨੂੰ, ਇਕ ਖਾਂਵਦੇ ਦੁੱਧ-ਮਲਾਈਆਂ ਨੂੰ। 

ਇਕ ਔਤਰੇ ਜਾਣ ਜਹਾਨ ਵਿਚੋਂ, ਸੱਤ ਪੁੱਤ ਬਖ਼ਸ਼ੇ ਕਈਆਂ ਮਾਈਆਂ ਨੂੰ। 

ਨਹੀਂ ਕੰਨਿਆਂ ਜਿਨ੍ਹਾਂ ਦੇ ਜੰਮਦੀਆਂ ਨੇ, ਸਗੋਂ ਤਰਸਦੇ ਜਾਣ ਜਵਾਈਆਂ ਨੂੰ। 

ਇਕ ਸਾਗਰਾਂ ਕੋਲ ਵਸੰਦੀਆਂ ਨੇ, ਕਈ ਗੁਜ਼ਰ ਗਏ ਸਾਲ ਤਿਹਾਈਆਂ ਨੂੰ। 

ਇਕ ਸੋਂਵਦੇ ਪਲੰਘ ਨਵਾਰੀਆਂ ਤੇ, ਉੱਤੇ ਸੁੱਟਕੇ ਲੇਫ਼-ਤਲਾਈਆਂ ਨੂੰ। 

ਇਕ ਜੀਵ ਜ਼ਮੀਨ ਤੇ ਸੋਂਵਦੇ ਨੇ, ਪਏ ਤਰਸਦੇ ਹੈਣ ਚਟਾਈਆਂ ਨੂੰ। 

ਇਕ ਦੁੱਖ ਨੇ ਮਾਰ ਬੀਮਾਰ ਕੀਤੇ, ਸਦਾ ਖਾਂਵਦੇ ਰਹਿਣ ਦੁਆਈਆਂ ਨੂੰ। 

ਇਕ ਪੇਟ ਨਾ ਕਈਆਂ ਦਾ ਪੂਰਦਾ ਏ, ਪਏ ਕਰਦੇ ਸਖ਼ਤ ਕਮਾਈਆਂ ਨੂੰ। 

ਇਕ ਛੁਰੀ ਦੇ ਨਾਲ ਕਤਲਾਮ ਕਰਦੇ, ਇਕ ਮਾਤ ਕਰ ਪੂਜਦੇ ਗਾਈਆਂ ਨੂੰ। 

ਨੈਨ ਜਿਨ੍ਹਾਂ ਦੇ ਮਿਰਗ ਸਮਾਨ ਸੋਹਣੇ, ਵਿਚ ਪਾਂਵਦੇ ਸੁਰਮ-ਸਲਾਈਆਂ ਨੂੰ।

ਇਕ ਅੰਧਲੇ ਪੁਰਸ਼ ਬਸ਼ੀਰ ਡਿਗਦੇ, ਰਾਹ ਪੁੱਛਦੇ ਜਾਂਦਿਆਂ ਰਾਹੀਆਂ ਨੂੰ। 

ਇਕ ਕੈਦ ਕੀਤੇ ਬੰਦੀ-ਖ਼ਾਨਿਆਂ ਵਿੱਚ, ਪਏ ਭੋਗਦੇ ਲੇਖ ਲਖਾਈਆਂ ਨੂੰ। 

ਰੱਬ ਜਿਨ੍ਹਾਂ ਦੇ ਯਾਰ ਵਿਛੋੜ ਛੱਡੇ, ਧਾਹੀਂ ਰੋਂਵਦੇ ਜਾਣ ਜੁਦਾਈਆਂ ਨੂੰ। 

ਇਕ ਪੂਜਦੇ ਰਾਮ-ਰਹੀਮ ਤਾਈਂ, ਇੱਕ ਪੂਜਦੇ ਬੁੱਤ ਬਲਾਈਆਂ ਨੂੰ। 

ਪੁੰਨ-ਦਾਨ ਨੂੰ ਮਨ ਨਹੀਂ ਚਾਂਹਵਦਾ ਏ, ਰੱਬ ਜਾਣਦਾ ਦਿਲੀ ਸਫ਼ਾਈਆਂ ਨੂੰ।

ਦਯਾ ਸਿੰਘ ਤੂੰ ਤਾਰੇਂ ਅਣਤਾਰੂਆਂ ਨੂੰ, ਡੋਬ ਦੇਵਨਾ ਤਾਰੂ ਮਲਾਹੀਆਂ ਨੂੰ। 

📝 ਸੋਧ ਲਈ ਭੇਜੋ